“ਗੋਰੇ ਕੀ ਬਹੂ”
ਕੁਝ ਅਰਸਾ ਪਹਿਲਾਂ, ਤੜਕਸਾਰ ਏਅਰ ਕਨੇਡਾ ਦੀ ਨਵੀਂ ਦਿੱਲੀ ਵਾਲੀ ਫਲਾਈਟ – ਅਰਾਈਵਲਜ਼ ‘ਤੇI
ਇਹ ਸਾਰੀ ਵਾਰਤਾਲਾਪ ਨੂੰ ਮੁਸ਼ਕਿਲ ਨਾਲ ਤਿੰਨ ਤੋਂ ਚਾਰ ਮਿੰਟ ਲੱਗੇ ਸੀ, ਪਰ ਮੈਨੂੰ ਸਦਾ ਯਾਦ ਰਹੇਗੀI
ਬਾਪੂ ਜੀ ਨੰਬਰ ਇੱਕ: ਡੂ ਯੂ ਸਪੀਕ ਪੰਜਾਬੀ ਨੀਂ ਕੁੜੀਏ, ਪੰਜਾਬੀ, ਪੰਜਾਬੀ?
ਜਿਵੇਂ ਮੈਂ ਬੋਲੀ ਹੋਵਾਂ 🙂
ਅਨੂਪ: ਹਾਂਜੀ, ਬਿਲਕੁਲ… ਦੱਸੋ ਕੀ ਹੈਲਪ ਚਾਹੀਦੀ…?
ਮੇਰਾ ਜਵਾਬ ਪੂਰਾ ਨਾ ਹੋ ਸਕਿਆI
ਬਾਪੂ ਜੀ ਨੰਬਰ ਦੋ: ਓਏ ਆ ਜਾਓ, ਆ ਜਾਓ, ਕੁੜੀ ਲੱਭ ਗਈ ਜੇ ਆਪਣੀI ਓਏ ਜਗਤਾਰਿਆ, ਨੀਂ ਨਾਹਮੋਂ, ਜਿੰਦਰ ਕੁਰੇ, ਸੁੱਖੀਏ ਨੀਂ ਆ ਜਾਓ ਛੇਤੀ ਛੇਤੀ ਕੁੜੀ ਲੱਭ ਗਈ ਆਪਣੀI
ਇਸ ਤੋਂ ਪਹਿਲਾਂ ਕਿ ਮੈਂ ਸੱਜੇ ਖੱਬੇ ਵੇਖ ਸਕਾਂ, ਫਾਸਟ ਟਰੈਕ walkway ਦੀਆਂ ਭੀੜਾਂ ਚੀਰਦੇ ਜਗਤਾਰ, ਨਾਹਮੋਂ, ਜਿੰਦਰ ਕੌਰ ਅਤੇ ਸੁੱਖੀ ਸਾਰੇ ਆ ਧੱਮਕੇI
ਸਾਰੇ ਤਕਰੀਬਨ ਇੱਕਠੇ: ਚੱਲੋ ਜੀ ਚੱਲੋ, ਗੱਲ ਬਣ ਗਈI ਧੀਏ ਤੂੰ ਸਾਨੂੰ ਨਾ ਉੱਥੇ ਛੱਡ ਆ, ਮੋਹਰਾਂ ਠੀਪਿਆਂ ਆਲਿਆਂ ਦੇ, ਬਰਦੀ ਆਲੇ ਅਫਸਰਾਂ ਦੇ, ਜਿਹੜੇ ਗੂਠੇ ਲਵਾਉਣੇ ਨੇ ਲਵਾ ਲੈਣ ਛੇਤੀ ਛੇਤੀ ਤੇ ਅਸੀਂ ਅਗਾਂਹ ਸਰੀ ਨੂੰ ਨਿਕਲੀਏ…ਹਾਂ, ਹਾਂ ਹਾਂ, ਚੱਲੋ ਜੀ ਚੱਲੋ, ਤੁਰੋ, ਤੁਰੋ, ਚੱਕੋ ਚੱਕੋ, ਛੇਤੀ ਹੋ ਜਾਓ, ਨਿਕਲੋ ਜੀ ਨਿਕਲੋI
ਜਿਵੇਂ ਮੈਨੂੰ ਹੋਰ ਕੋਈ ਕੰਮ ਨਹੀਂ, ਮੈਂ ਸਿਰਫ ਦੇਸੀਆਂ ਦੀ ਆਉਭਗਤ ਦੀ ਤਨਖਾਹ ਲੈਂਦੀ ਹੋਵਾਂI
ਅਨੂਪ: ਤੁਸੀਂ ਸਾਰੇ ਇਹਨਾਂ ਪਸਿੰਜਰਾਂ ਦੇ ਪਿੱਛੇ ਪਿੱਛੇ ਹੇਂਠਾਂ ਚਲੇ ਜਾਓ, ਕਸਟਮ…”
ਪਰ ਮੇਰੀ ਕੌਣ ਸੁਣਦਾ?
ਤਕਰੀਬਨ ਸਾਰੇ ਇੱਕਠੇ, ਬਹੁਮਤ ਨਾਲ: ਲੈ ਐਵੇਂ ਚਲੇ ਜਾਈਏ ਅਸੀਂ ਇਹਨਾਂ ਦੇ ਮਗਰੇ ਮਗਰ, ਪੁੱਤ ਤੂੰ ਸਾਨੂੰ ਆਪ ਅੰਦਰ ਵਾੜ ਕੇ ਆ, ਇਦਾਂ ਨਹੀਂ ਠੀਕ, ਚੱਲ ਸ਼ਾਬਾਸ਼ੇ ਮੇਰਾ ਮੱਲਾ 🙂 🙂
ਅਨੂਪ: ਇਹ ਤਾਂ ਬਹੁਤ ਸੌਖਾ, ਜਿਸ ਤਰਾਂ ਸਾਰੇ ਜਾ ਰਹੇ, ਤੁਸੀਂ ਵੀ ਚਲੇ ਜਾਵੋ, ਹੇਂਠਾਂ ਉਤਰਦਿਆਂ ਹੀ ਹਾਲ ਦੇ ਅੰਦਰ, ਦਰਵਾਜ਼ੇ ਆਪਣੇ ਆਪ ਖੁੱਲ ਜਾਣੇ ਨੇ ਤੁਹਾਡੇ ਲਈ, ਤੁਹਾਨੂੰ ਕੁਝ ਨਹੀਂ ਕਰਨਾ ਪੈਣਾI ਹਾਲ ‘ਚ ਸੱਜੇ ਪਾਸੇ ਤੁਰ ਪਵੋ ਅਫਸਰ ਨੂੰ ਮਿਲਣ ਲਈ…
ਪਰ ਗੱਲ ਕਿੱਥੇ ਸੁਣਦੇ ਨੇ ਸਾਡੇ ਬਜ਼ੁਰਗ:) 🙂 🙂
ਸਾਰੇ ਦੇ ਸਾਰੇ ਫਿਰ ਇਕੱਠੇ: ਨਾ ਨਾ ਨੀਂ ਧੀਏ, ਇੰਝ ਨਾ ਕਰ, ਦਰਵਾਜੇ ਦਰਵੁਜਿਆਂ ਤੋਂ ਅਸੀਂ ਬਹੁਤ ਡਰਦੇ ਹਾਂ, ਮਾੜਾ ਜਿਹਾ ਹੱਥ ਲੱਗਾ ਨਹੀਂ ਤੇ ਚੀਕਾਂ ਮਾਰਨ ਲੱਗ ਜਾਂਦੇ ਨੇ, ਟੂੰ ਟੂੰ ਬਹੁਤ ਕਰਦੇ ਨੇ ਹਵਾਈ ਅੱਡਿਆਂ ਦੇ ਸ਼ੀਸ਼ੇ ਆਲੇ ਦਰਵਾਜ਼ੇ, ਸਾਨੂੰ ਸਾਰਾ ਪਤਾ, ਫਿਰ ਸ਼ਪਾਹੀ ਆ ਕੇ ਫੜ ਲੈਂਦੇ ਨੇ, ਉੱਤੇ ਲੁੱਕ ਕੇ ਬੈਠੇ ਹੁੰਦੇ ਦੂਰਬੀਨਾਂ ਲਾ ਕੇ, ਸਮਝਾਇਆ ਸੀ ਨਾ ਗੋਰੇ ਕੀ ਬਹੂ ਨੇ? ਉਹ ਵੀ ਤਾਂ ਲੱਗੀ ਹੈ ਨਾ ਅੱਡੇ ‘ਤੇ, ਸਾਡੇ ਗੋਰੇ ਕੀ ਬਹੂI ਨਹੀਂ ਕਿਸ਼ਨੇ ਕੇ ਬਾਪੂ???
ਕਿਸ਼ਨੇ ਕਾ ਬਾਪੂ, ਦਾਹੜੀ ਸਵਾਰਦੇ ਹੋਏ: ਆਹੋ ਜੀ ਆਹੋ, ਬਿਲਕੁਲ ਬਿਲਕੁਲ… ਵਾਗੁਰੁ ਵਾਗੁਰੁI ਜਿਵੇਂ ਵਾਗੁਰੁ ਕੋਈ code word ਹੋਵੇ, ਦੋ ਦੋ ਮਿੰਟ ਬਾਦ ਵਾਗਰੂ ਵਾਗੁਰੂ 🙂 🙂
ਸਾਰੇ ਪਾਸੇ ਸਿਕੋਰਟੀ ਆ ਜਾਂਦੀ ਭੱਜ ਕੇ, ਨਾ ਅਸੀਂ ਕੋਈ ਰਾਣੀ ਦਾ ਤਾਜ ਲੁੱਟ ਲਿਆ, ਤੂੰ ਚੱਲ ਧੀਏ, ਸਾਨੂੰ ਹੇਂਠਾ ਛੱਡ ਕੇ ਆ ਪੁੱਤ 🙂 🙂
ਅਨੂਪ: ਹਾਂਜੀ, ਚੱਲੋ ਚੱਲੋI
ਐਲੀਵੇਟਰ ਵਿੱਚ ਵੜਦਿਆਂ ਸਾਰ, ਸ਼ਾਇਦ ਨਾਹਮੋਂ: ਕੁੜੀ ਪੰਜਾਬੀ ਬੋਲਦੀ ਹੈ ਪਰ ਬਾਹਮਣੀ ਪੰਜਾਬਣ ਲੱਗਦੀ ਹੈI
ਜਿਵੇਂ ਮੈਂ ਬੋਲੀ ਹੋਵਾਂ 🙂 🙂 🙂
ਸ਼ਾਇਦ ਸੁੱਖੀ: ਨਾ ਨਾ ਕਰਾਂਟਨ ਹੈI ਗਿਰਜੇ ਜਾਂਦੀ ਹੋਣੀ ਕਰਾਂਟਨ 🙂
(ਮੈਨੂੰ ਨਹੀਂ ਪਤਾ ਇਸਦਾ ਮਤਲਬ, ਕੁਝ ਇਸ ਤਰਾਂ ਹੀ ਕਿਹਾ ਸੀ)
ਬਾਪੂ ਜੀ: ਨਹੀਂ ਉਏ, ਸ਼੍ਰੀਲੰਕੇ ਦਾ ਹੈ, ਜਾਂ ਬੰਗਾਲੀ ਜਾਤ ਹੈ ਰੰਗ ਤਾਂ ਦੇਖੋ, ਪੰਜਾਬਣਾ ਆਪਣੀਆਂ ਤਾ ਸੁੱਖ ਨਾਲ ਗੋਰੀਆਂ ਹੁੰਦੀਆਂI ਪਰ ਕੁੜੀ ਸਾਊ ਜਾਪਦੀ, ਪਿਓ ਪੰਜਾਬੀ ਹੋਊ ਮੇਰੇ ਖਿਆਲ ਨਾਲI
ਜਿਵੇਂ ਮੈਂ ਕਾਲੀ ਦੇ ਨਾਲ ਨਾਲ ਬੋਲੀ ਵੀ ਹੋਵਾਂ:) 🙂 🙂
ਸ਼ਾਇਦ ਕਿਸ਼ਨੇ ਕਾ ਬਾਪੂ: ਹੋ ਸਕਦਾ ਹੈ ਕੁੜੀ ਰਿਫੂਜੀ ਹੋਵੇ, ਅੱਡਿਆਂ ‘ਤੇ ਬਹੁਤ ਹੁੰਦੇ, ਪਰ ਹੈ ਨਿਮਾਣੀ 🙂 🙂
ਜਿਵੇਂ ਮੈਂ ਬੋਲੀ ਹੋਵਾਂ:) 🙂
ਬਾਪੂ ਜੀ ਨੰਬਰ ਦੋ: ਉਹ ਕੀ ਹੁੰਦੇ?
ਬਾਪੂ ਜੀ ਨੰਬਰ ਇੱਕ: ਉਹ ਜਿਹੜੇ ਦੂਜੇ ਮੁਲਕਾਂ ਤੋਂ ਆ ਵੜਦੇ ਨੇ ਤੇ ਕਹਿੰਦੇ ਆ ਬਾਈ ਹੁਣ ਨਹੀਂ ਅਸੀਂ ਜਾਂਦੇ ਕਰ ਲਵੋ ਜੋ ਕਰਨਾ, ਸਾਡਾ ਇੰਤਜਾਮ ਕਰੋ, ਸਾਡੇ ਜਬਾਕਾਂ ਨੂੰ ਸਕੂਲੇ ਘੱਲੋ, ਸਾਨੂੰ ਪਾਸਪੋਰਟ ਦੇਵੋ 🙂 🙂 🙂 ਕੇਸ ਦਰਜ ਕਰ ਦਿੰਦੇ ਨੇ ਅਗਲੇ, ਅਖੇ ਅਸੀਂ ਨਹੀਂ ਜਾਣਾ ਕਿਧਰੇ, ਅਸੀਂ ਹੁਣ ਇੱਥੇ ਜਿਊਣਾ, ਇੱਥੇ ਹੀ ਮਰਨਾ, ਸਾਨੂੰ ਘਰ ਦੀਓ, ਪੈਸੇ ਧੇਲੇ ਦਾ ਬੰਦੋਬਸਤ ਕਰੋ, ਸਾਡੀ ਡਾਕਟਰੀ ਕਰੋ, ਸਾਡੇ ਦੰਦ ਠੀਕ ਕਰ ਕੇ ਦੇਵੋ… ਮੈਂ ਸਾਰਾ ਜਾਣਦਾ 🙂
ਬਾਪੂ ਜੀ ਨੰਬਰ ਦੋ: ਓਹੋ, ਅੱਛਾ ਅੱਛਾ, ਅਫ਼ਰੀਕਾ ਆਲੇ? ਪਰ ਇਹ ਤਾਂ ਅਫ਼ਰੀਕਾ ਆਲੀ ਨਹੀਂ ਲੱਗਦੀ? ਪਰ ਥੋੜੀ ਥੋੜੀ ਲੱਗਦੀ ਹੈ 🙂 🙂
ਜਿਵੇਂ ਮੈਂ ਬੋਲੀ ਹੋਵਾਂ:) 🙂
ਸ਼ਾਇਦ ਨਾਹਮੋਂ ਜਾ ਜਿੰਦਰੋ: ਬਰਦੀ ਤਾਂ ਬੰਦਿਆਂ ਆਲੀ ਪਾਈ, ਸਾਰੇ ਹੀ ਪਾਉਂਦੇ ਨੇ ਅੱਜਕੱਲ, ਰੋਟੀ ਲਈ ਬੰਦਾ ਕੀ ਕੀ ਨਹੀਂ ਕਰਦਾ 🙂 🙂
ਸਾਰੀਆਂ ਬੀਬੀਆਂ ਦਾ ਤਕਰੀਬਨ ਇੱਕਠਿਆਂ ਹੌਕਾ ਨਿਕਲਿਆ: ਵਾਗੁਰੁ, ਵਾਗੁਰੁI
ਅਤੇ ਮੇਰਾ ਹਾਸਾ:) 🙂 🙂
ਅਚਾਨਕ ਸ਼ਾਇਦ ਨਾਹਮੋਂ ਫਿਰ ਬੋਲੀ: ਪੁੱਤ ਤੈਂ ਗੋਰੇ ਨੂੰ ਜਾਣਦੀ ਐਂ?
ਅਨੂਪ: ਮੈਂ ਤਾਂ ਜੀ ਬਹੁਤ ਗੋਰਿਆਂ ਨੂੰ ਜਾਣਦੀ ਹਾਂ 🙂
ਨਾਹਮੋਂ: ਨਾ ਨਾ ਗੋਰਾ ਤਾਂ ਸਾਡਾ ਐਬਸਫੋਸ (Abbotsford) ਰਹਿੰਦਾ, ਬੈਂਕੂਬਰ (Vancouver) ਲਾਗੇ ਪੈਂਦਾ, ਸਾਰਾ ਪੈਂਡਾ ਖੇਤ ਹੀ ਖੇਤ, ਪੈਲੀ ਹੀ ਪੈਲੀ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙂 🙂
ਤੂੰ ਨਹੀਂ ਜਾਣਦੀ ਗੋਰੇ ਨੂੰ? ਉਹ ਤਾਂ ਟਰੱਕ ਪਾਈ ਫਿਰਦਾ ਛੱਤੀ ਛੱਤੀ, ਪੁੱਤਾਂ ਅਰਗੇ ਜਵਾਨ ਟਰੱਕ, ਦੈਂਤ ਦੇ ਦੈਂਤ, ਐਡੇ ਐਡੇ, ਤੂੰ ਨਹੀਂ ਜਾਣਦੀ ਗੋਰੇ ਨੂੰ, ਤੂੰ ਤਾਂ ਬਿਲਕੁਲ ਉਹਦੀ ਬਹੂ ਅਰਗੀ ਨੀ ਧੀਏ 🙂 🙂 🙂
ਟਰੱਕ ਲੈ ਕੇ ਗੋਰਾ ਤਾਂ ਕਲਿੰਡਰ ਦੇ ਨਾਲ ਇੱਕਲਾ ਹੀ ਅਮਰੀਕਾ ਚਲਾ ਜਾਂਦਾ, ਪਰ ਤੂੰ ਗੋਰੇ ਨੂੰ ਨਹੀਂ ਜਾਣਦੀ???
ਅਨੂਪ: ਨਹੀਂ ਜੀ ਮੈਂ ਗੋਰੇ ਨੂੰ ਨਹੀਂ ਜਾਣਦੀI
ਸਾਰੀਆਂ ਬੀਬੀਆਂ ਇੱਕਦੰਮ ਮੈਨੂੰ ਘੂਰਦਿਆਂ: ਹਾਂ, ਇਹ ਤਾਂ ਨਿਰ੍ਹੀ ਗੋਰੇ ਕੀ ਬਹੂ ਵਰਗੀ ਆ, ਆਹੋ ਆਹੋ, ਹਾਂ ਨੀਂ ਬਾਬੇ ਦੀ ਸੌਂਹ, ਨਿਰ੍ਹੀ ਗੋਰੇ ਕੀ ਬਹੂ ਵਰਗੀ 🙂 🙂 🙂
ਜਿੰਦਰੋਂ: ਗੋਰਾ ਊਂ ਹੈਂ ਤਾਂ ਨਿਰਾ ਕੰਜਰ, ਮਸ਼ਖਰਾ, 1,000 ਡਾਲਰ ਸ਼ਗਨ ਦਾ ਪਾਇਆ ਸੀ ਮੈਂ ਬਿਆਹ ਵੇਲੇ, ਗੋਰੇ ਕੀ ਬਹੂ ਨੂੰ ਜੋ ਦਿੱਤਾ ਕੀਤਾ ਉਹ ਵੱਖਰਾ 🙂 🙂
ਬਾਕੀ ਬੀਬੀਆਂ: ਮੈਂ 11,00 ਡਾਲਰ, ਮੈਂ 21,00 ਡਾਲਰ ਸ਼ਗਨ ਪਾਇਆ ਸੀ, ਮੈਂ, ਮੈਂ, ਮੈਂ 🙂
ਬਾਪੂ ਜੀ ਮੇਰੇ ਵੱਲ ਗੌਰ ਨਾਲ ਤੱਕਦੇ ਹੋਏ: ਵਾਗਰੂ ਵਾਗਰੂ, ਰਾਜੀ ਰਹੇ ਸਾਡੇ ਗੋਰੇ ਕੀ ਬਹੂ, ਮੇਰੀ ਭਤੀਜ ਨੂੰਹ, ਤੈਂ ਤਾਂ ਧੀਏ ਸੱਚੀਂ ਸਾਡੇ ਗੋਰੇ ਕੀ ਬਹੂ ਵਰਗੀ, ਤੂੰ ਵੀ ਰਾਜੀ ਰਹਿ, ਜਿਊਂਦੀ ਰਹਿ ਮੱਲਿਆ 🙂 🙂
ਕਿਰਪਾ ਧਿਆਨ ਦਿੱਤਾ ਜਾਵੇ-ਜੇ ਅਨੂਪ ਕਿਸੇ ਚੱਜ ਸਵਾਦ ਦੇ ਗੋਰੇ ਨੂੰ ਜਾਣਦੀ ਤਾਂ ਸੋਮਵਾਰ ਦੀ ਇਸ ਸਵੇਰ ਦੇ ਪੌਣੇ ਛੇ ਵਜੇ ਹਵਾਈ ਅੱਡੇ ਦੇ ਐਲੀਵੇਟਰ ਵਿੱਚ ਬੰਦ ਪੰਜ ਪੰਜਾਬੀ ਬਜ਼ੁਰਗਾਂ ਦੇ ਸਵਾਲਾਂ ਦਾ ਸ਼ਿਕਾਰ ਨਾ ਹੋ ਰਹੀ ਹੁੰਦੀ 🙂 🙂
ਇੰਨੇ ਨੂੰ ਅਸੀਂ ਕਸਟਮ ਹਾਲ ਪਹੁੰਚ ਗਏI
ਸੁੱਖੀ: ਪੁੱਤ ਸੌਣ ਲੱਗੀ ਦੁੱਧ ਦਾ ਗਿਲਾਸ ਪੀਆ ਕਰ ਅਤੇ ਬਿਲਾਵਲੁ ਮਹਲਾ ੫ ਪੜ ਕੇ ਸੌਂਇਆਂ ਕਰ, ਤੇ ਨਾਲੇ ਕੀਰਤਨ ਸੋਹਿਲਾI
ਸਾਰੀਆਂ ਬੀਬੀਆਂ ਇੱਕੱਠੀਆਂ: ਨਾਲੇ ਰੱਖਿਆ ਦੇ ਸ਼ਬਦ, ਤੇ ਨਾਲੇ ਚੌਪਈ ਸਾਹਿਬ, ਐਵੇਂ ਹੀ ਨਹੀਂ ਸੌਂ ਜਾਈਦਾI ਰੱਬ ਨੂੰ ਰਾਜੀ ਕਰਕੇ ਸੌਂਦਾ ਚੰਗਾ ਬੰਦਾ, ਨਾਲੇ ਓਵੇਂ ਵੀ ਤੂੰ ਤਾਂ ਨਿਰੀ ਪੂਰੀ ਸਾਡੇ ਗੋਰੇ ਕੀ ਬਹੂ ਵਰਗੀ 🙂 ਸਵੇਰੇ ਨਿਤਨੇਮ ਕਰਿਆ ਕਰI ਨਾਲੇ ਪੁੱਤ ਦੇਸੀ ਘਿਓ ‘ਚ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ, ਦੇਖੀ ਰੰਗ ਕਿਵੇਂ ਨਿਖਰਦਾ ਤੇਰਾ, ਸਾਡੇ ਗੋਰੇ ਕੀ ਬਹੂ ਤਾਂ ਬਹੁਤ ਗੋਰੀ ਚਿੱਟੀ ਹੈ… ਤੂੰ ਜਿਊਂਦੀ ਰਹਿ ਨਹੀਂ ਧੀਏ, ਰਾਜੀ ਰਹਿI
ਅਨੂਪ: ਹਾਂਜੀ, ਹਾਂਜੀ ਅੱਛਾ ਅੱਛਾ ਜੀ…ਸਤਿ ਸ਼੍ਰੀ ਅਕਾਲ ਜੀI
ਪਤਾ ਨਹੀਂ ਜੇ ਅੱਜ ਮੇਰੇ ਮਾਂ ਪਿਓ ਜ਼ਿੰਦਾ ਹੁੰਦੇ ਤਾਂ ਹਵਾਈ ਅੱਡਿਆਂ ‘ਤੇ ਕਿੰਨਿਆਂ ਦੀ ਮੱਤ ਮਾਰਕੇ ਇੱਕ ਥਾਂ ਤੋਂ ਦੂਜੇ ਟਿਕਾਣੇ ਪਹੁੰਚਦੇ 🙂 🙂 🙂
ਪੰਜਾਂ ਮਿੰਟਾ ਦੀ ਮੁਲਾਕਾਤ ਵਿੱਚ ਰਿਸ਼ਤੇਦਾਰੀਆਂ ਕੱਢਣਾ ਅਤੇ ਆਪਣਾ ਸਮਝ ਕੇ ਨਿਧੜਕ ਸਲਾਹਾਂ ਦੇਣਾ, ਆਪਣਾ ਸਮਝ ਕੇ ਹੱਕ ਜਮਾਉਣ ਅਤੇ ਆਪਣਿਆਂ ਉੱਤੇ ਰੋਅਬ ਪਾਉਣਾ ਸਿਰਫ ਪੰਜਾਬੀ ਹੀ ਕਰ ਸਕਦੇ ਨੇ 🙂 ਇਹ ਜਣੇ ਖਣੇ ਦਾ ਕੰਮ ਨਹੀਂI ਕਈ ਵਾਰੀ ਮੈਂ ਕੰਮ ‘ਤੇ ਦੰਦ ਪੀਸ ਕੇ ਰਹਿ ਜਾਂਦੀ ਹਾਂ ਪਰ ਜਦੋਂ ਇਹੀ ਬਜ਼ੁਰਗ ਆਪਣੇ ਰਾਹ ਤੁਰੇ ਜਾਂਦੇ ਮੇਰੇ ਵਰਗੇ ‘ਬੰਗਾਲੀ” ਜਿਹੇ ਨੂੰ ਅਸੀਸਾਂ ਦੀ ਝੜੀ ਲਾ ਕੇ ਅੱਗੇ ਤੁਰ ਜਾਂਦੇ ਨੇ ਤਾਂ ਦਿਲ ਕਰਦਾ ਹੈ ਕਿ ਪਿੱਛਿਓਂ ਆਵਾਜ਼ ਮਾਰ ਕੇ ਰੋਕ ਲਵਾਂ ਇਹਨਾਂ ਭੋਲੇ ਪੰਛੀਆਂ ਨੂੰ, ਝੱਟ ਜੱਫੀਆਂ ਪਾ ਕੇ ਕਹਿ ਦਵਾਂ ਕਿ ਮੈਂ ਕਿਸੇ ਗੋਰੇ ਗੂਰੇ ਕੀ ਬਹੂ ਸ਼ਹੂ ਨਹੀਂ, ਪਰ ਤੁਸੀਂ ਸਾਰੇ ਦੇ ਸਾਰੇ ਮੇਰੇ ਮਾਂ ਬਾਪ ਅਤੇ ਦਾਦੀ ਦਾਦਿਆਂ ਅਤੇ ਨਾਨੀ ਨਾਨਿਆਂ ਵਰਗੇ ਜ਼ਰੂਰ ਹੋ!
Leave A Reply