ਅਮ੍ਰਿਤ ਵੇਲੇ
ਹਰਿਮੰਦਰ ਸਾਹਿਬ ਮੱਥਾ ਟੇਕ
ਮਾਈ ਸੇਵਾ ਬਜ਼ਾਰੋਂ
ਚਾਂਈ-ਚਾਂਈ ਲੈ ਆਈ ਸਾਂ ਮੈਂ
ਉਸ ਲਈ
ਭਾਰਾ ਜਿਹਾ ਫੌਲਾਦੀ ਕੜਾ ।
ਕੜਾ
ਜੋ ਰਿਸ਼ਤਿਆਂ ਦੀਆਂ
ਨਿੱਕੀਆਂ ਮੋਟੀਆਂ ਕੜੀਆਂ ਤੋਂ
ਕਿਤੇ ਸੀ ਵੱਡਾ !
ਵਹਿਮ ਸੀ ਮੈਨੂੰ ਕਿ
ਵਾਪਸ ਲੈ ਆਵੇਗਾ
ਮੇਰੇ ਘਰ ਦਾ ਗੁੰਮਿਆ ਨਿੱਘ
ਰੋਕ ਲਵੇਗਾ
ਨਿੱਤ ਹੁੰਦੇ ਬੇਗਾਨਗੀ ਦੇ ਵਾਰ
ਵਹਿਮ ਸੀ ਮੈਨੂੰ ਕਿ
ਜੋੜ ਦੇਵੇਗਾ ਇਤਫਾਕ ਦੀਆਂ ਕੜੀਆਂ
ਪਰ ਆਉਂਦੇ ਐਤਵਾਰ ਨੂੰ
ਨਿੱਕੀ ਜਹੀ ਗੱਲੇ ਰੁੱਸ
ਉਸ ਗੁੱਟ ਚੋਂ ਉਤਾਰ
ਮੇਰੇ ਵਲ ਵਗਾਹ ਮਾਰਿਆ
“ਆਹ ਕੜੇ ਕੁੜੇ ਕਮਜ਼ੋਰਾਂ ਲਈ ਨੇ
ਮੈਂ ਤਾਂ ਸ਼ੇਰ ਹਾਂ ਸ਼ੇਰ
ਅਸਲੀ ਸਿੰਘ” !
ਕੜਾ, ਜੇ ਇਕ ਵਸਤੂ ਹੁੰਦਾ
ਤਾਂ ਭੰਨ ਸੁੱਟਦਾ ਮੇਰਾ ਸਿਰ-ਮੂੰਹ
ਪਰ ਛੱਡ ਮੈਨੂੰ
ਵਾਸ਼ਰੂਮ ਦੇ ਸ਼ੀਸ਼ੇ ਤੇ ਜਾ ਵੱਜਾ
ਮੇਰੇ ਗੁਰੂ ਦਾ ਜਾਇਆ !
ਤੜਾਕ ਦੇਣੀ ਟੁੱਟਿਆ ਵਾਸ਼ਰੂਮ ਦਾ ਸ਼ੀਸ਼ਾ
ਹੋਲੇ ਜਿਹੇ ਤਿੜਕ ਗਈ ਮੇਰੇ ਦਿਲ ਦੀ ਆਰਸੀ।
ਬਸ ਉਸੇ ਐਤਵਾਰ ਤੋਂ ਹੀ
ਬਿਖੜੇ ਰਾਹਾਂ ਦਾ ਇੱਕ ਸਫਰ
ਗੋਲ ਚੱਕਰ ਬਣ ਅੜ ਗਿਆ
ਮੇਰੇ ਪੈਰਾਂ ਵਿਚ …
Leave A Reply