ਮੂੰਹ ਹਨੇਰੇ
ਰੋਜ਼ ਕੰਮ ਤੇ ਜਾਣ ਤੋਂ ਪਹਿਲਾਂ
ਛੋਪਲੇ ਜਿਹੇ
ਮੈਂ ਘੂਕ ਸੁੱਤੀ ਪਈ ਨਿੱਕੀ ਦਾ ਮੱਥਾ ਚੁੰਮ
ਨਸੀਹਤਾਂ ਦੀ ਝੜੀ ਲਾ ਦਿੰਦੀ ਹਾਂ
ਟਾਈਮ ਤੇ ਉੱਠ ਕੇ ਤਿਆਰ ਹੋ ਜਾਂਵੀ
ਜੈਕਟ ਦੀ ਜ਼ਿਪ ਲਾ ਲਵੀਂ
ਲੰਚ ਨਾ ਭੁੱਲ ਜਾਵੀਂ
ਬ੍ਰੇਕਫਾਸਟ ਮਗਰੋਂ ਵਿਟਾਮਿਨ…
ਆਈ ਲਵ ਯੂ,
ਹੈਵ ਏ ਲਵਲੀ ਡੇ, ਮਾਈ ਲਵ !
ਨਿੱਕੀ ਵੀ ਗੂੜ੍ਹੀ ਨੀਂਦ ‘ਚ
ਹਮੇਸ਼ਾ ਸਿਰ ਹਿਲਾ
ਯੈਸ ਮੌਮ, ਯੈਸ ਮੌਮ ਓਕੇ,
ਹਾਂਜੀ ਹਾਂਜੀ, ਜੀ
ਜੱਫੀ ਪਾ ਕੇ
ਆਈ ਲਵ ਯੂ ਟੂ ਕਹਿ
ਝੱਟ ਪਾਸਾ ਪਲਟ ਸੌਂ ਜਾਂਦੀ ਹੈ ।
ਪਰ ਅੱਜ ਤਾਂ ਉਸ ਨੇ ਹੱਦ ਹੀ ਕਰ ਦਿੱਤੀ
ਮੇਰੇ ਕਹਿਣ ਤੋਂ ਪਹਿਲਾਂ ਹੀ
ਉਸ ਆਪਣੇ ਮੂੰਹ ਤੋਂ ਰਜਾਈ ਲਾਹੀ
ਨਿੱਘੀ ਜਿਹੀ ਜੱਫੀ ਪਾ ਆਖਿਆ …
ਆਈ ਲਵ ਯੂ ਮੋਮ
ਇਫ ਯੂ ਫਾਇੰਡ ਸਮਵਨ ਗੁੱਡ ਟੁਡੇ
ਪਲੀਜ਼ ਗਿਵ ਹਿਮ ਏ ਚੈਨਸ …
ਪਲ ਭਰ ਲਈ ਮੈਨੂੰ ਜਾਪਿਆ
ਜਿਵੇਂ ਨਿੱਕੀ ਵਿਚ ਮੇਰੀ ਮਾਂ ਬੋਲ ਰਹੀ ਹੈ
ਨਿੱਕੀ ਸਿਆਣੀ ਹੋ ਗਈ ਹੈ
ਮੇਰੀ ਹਾਣੀ ਹੋ ਗਈ ਹੈ
ਸੂਰਜ ਦੀ ਪਹਿਲੀ ਕਿਰਨ
ਨਿੱਕੀ ਦੇ ਚਿਹਰੇ ਤੇ ਆਕੇ ਜਿਵੇਂ ਠੱਲ੍ਹ ਜਿਹੀ ਗਈ ਹੈ।
ਗੱਡੀ ਤੋਂ ਸਨੋ ਝਾੜਦਿਆਂ ਮੈਂ ਸੋਚਿਆ
ਆਥਣ ਵੇਲੇ ਜਦ ਘਰ ਪਰਤਾਂਗੀ
ਨਿੱਕੀ ਨੂੰ ਕੋਲ ਬਿਠਾ ਸਮਝਾਵਾਂਗੀ …
ਕਿ
ਮਾਂ ਹੁਣ ਅੱਠਤਾਲੀਆਂ ਦੇ ਗੇੜ ‘ਚ ਆ ਗਈ ਹੈ
ਮਾਂ ਹੁਣ ਅੱਖੜ ਹੋ ਗਈ ਹੈ
ਮਾਂ ਹੁਣ ਭੀੜਾਂ ਨਹੀਂ ਭਾਲਦੀ
ਬਸ ਆਪਣੀ ਮਨਮਾਨੀ ਕਰਦੀ ਹੈ ….
ਮਾਂ ਦੀ ਰੰਗਸ਼ਾਲਾ ਵਿਚ
ਮਾਂ ਹੀ ਦਰਸ਼ਕ ਹੈ
ਤੇ
ਮਾਂ ਹੀ ਹੈ ਅਦਾਕਾਰ …
ਹਾਂ ਅੱਜ ਤ੍ਰਿਕਾਲਾਂ ਵੇਲੇ ਨਿੱਕੀ ਨੂੰ ਦੱਸਾਂਗੀ
ਜ਼ਰੂਰ ਦੱਸਾਂਗੀ
ਅਵੱਸ਼ ਦੱਸਾਂਗੀ
ਕਿ
ਮੈਂ ਅੱਜ ਹੀ ਆਪਣੇ ਵਾਲਾਂ ‘ਚੋਂ ਇੱਕ ਧੌਲਾ ਪੁੱਟਿਆ ਹੈ।
Leave A Reply