ਬੜਾ ਸੋਹਣਾ ਵੇਲਾ ਸੀ ਉਹ। ਸੂਰਜ ਚੜ੍ਹਦਿਆਂ ਹੀ ਰੁੱਖਾਂ ਅੰਦਰ ਚਿੜੀਆਂ ਚਹਿਕਣ ਲੱਗ ਜਾਂਦੀਆਂ ਅਤੇ ਰਾਤ ਨੂੰ ਨਿੱਕੇ-ਨਿੱਕੇ ਤਾਰੇ ਅਸਮਾਨ ਵਿਚ ਚਮਕਣ ਲੱਗ ਜਾਂਦੇ। ਅਸੀਂ ਛੱਤ ਉੱਤੇ ਮੰਜੇ ਡਾਹ ਕੇ ਤਾਰਿਆਂ ਨਾਲ ਗਲਾਂ ਕਰਦੇ ਕਰਦੇ ਸੌਂ ਜਾਂਦੇ। ਮੂੰਹ ‘ਚੋਂ ਵੀ ਉਹੋ ਨਿਕਲਦਾ ਸੀ ਜੋ ਦਿਲਾਂ ‘ਚ ਹੁੰਦਾ ਸੀ। ਸਾਰੇ ਸਾਕ-ਸੰਬੰਧੀ ਇੱਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ।
ਸਾਡਾ ਘਰ ਅਤੇ ਉਸਦਾ ਸਾਜ਼ੋ-ਸਮਾਨ ਇੰਨਾਂ ਕੁ ਸਧਾਰਣ ਸੀ ਕੇ ਜੇ ਚੋਰ ਵੀ ਆ ਜਾਵੇ ਤਾਂ ਕੁਝ ਪੱਲਿਓਂ ਰੱਖ ਕੇ ਹੀ ਜਾਂਦਾ। ਸਵਾਏ ਸ਼ਰੰਜ, ਕਿਤਾਬਾਂ, ਦੋ ਚਾਰ ਭਾਂਡੇ-ਟੀਂਡੇ , ਨਵਾਰੀ ਪਲੰਘਾਂ ਦੇ ਅੰਗਰੇਜ਼ ਰਾਜ ਵਿਚ ਪ੍ਰਾਪਤ ਹੋਈਆਂ ਕੁਝ ਖਾਸ ਵਸਤਾਂ ਤੋਂ ਇਲਾਵਾ ਸਾਡੇ ਘਰ ਇੱਕ ਮੋਈ ਮੱਖੀ ਵੀ ਨਹੀਂ ਸੀ। ਪਰ ਹਾਂ ਇੱਕ ਗੱਲ ਬੜੇ ਫਖਰ ਵਾਲੀ ਹੈ ਕਿ ਜਦ ਨਵਾਂ-ਨਵਾਂ ਟੀਵੀ ਚੱਲਿਆ ਤਾਂ ਸ਼ਾਇਦ ਪੂਰੇ ਮਹਲੇ ਵਿਚ ਸਭ ਤੋਂ ਪਹਿਲਾਂ ਸਾਡੇ ਘਰ ਹੀ ਆਇਆ। ਹਰ ਸ਼ਾਮ ਦੂਰੋਂ ਨੇੜਿਉਂ ਲੋਕ ਸਾਡੇ ਘਰ ਟੀਵੀ ਵੇਖਣ ਆ ਜਾਂਦੇ ਸੀ । ਘਰ ‘ਚ ਰੌਣਕ ਬੱਝ ਜਾਂਦੀ ਸਨ। ਕਈ ਵਾਰ ਮੇਰੇ ਡੈਡ ਟੀਵੀ ਚੁੱਕ ਕੇ ਘਰ ਦੀ ਬਗੀਚੀ ਵਿਚ ਲਾ ਦਿੰਦੇ ਸੀ। ਸ਼ਾਇਦ ਟੀਵੀ ਬੜੀ ਵੱਡੀ ਸ਼ੈ ਸੀ ਉਨ੍ਹੀਂ ਦਿਨੀ।
ਕਈ ਵਾਰ ਜਦੋਂ ਮੈਂ ਸਕੂਲੋਂ ਵਾਪਸ ਆਉਂਦੀ ਸਾਂ ਤਾਂ ਗੁਆਂਢ ਜਾਂ ਰਿਸ਼ਤੇਦਾਰੀ ਵਿਚੋਂ ਕਿਸੇ ਨਾ ਕਿਸੇ ਦੇ ਵਿਆਹ ਦੀ ਭਾਜੀ ਆਈ ਹੁੰਦੀ ਸੀ। ਮੱਠੀਆਂ ਅਤੇ ਸ਼ੱਕਰਪਰੇ ਵੇਖ ਕੇ ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਸੀ। ਪੰਜ, ਸੱਤ, ਗਿਆਰਾਂ, ਇੱਕੀ, ਇੱਕਤੀ ਅਤੇ ਕਈ ਵਾਰ ਨਿੱਕਾ ਜਿਹਾ ਟੋਕਰਾ ਦੇਖਕੇ ਮੈਂ ਫੁੱਲੀ ਨਹੀਂ ਸਮਾਉਂਦੀ ਸਾਂ। ਮੱਠੀਆਂ ਦੀ ਗਿਣਤੀ ਨਾਲ ਮੈਂ ਦੇਣ ਵਾਲੇ ਦਾ ਸਾਡੇ ਪਰਿਵਾਰ ਵਾਸਤੇ ਪਿਆਰ ਨਾਪਦੀ ਸਾਂ। ਕਿੰਨੀ ਨਦਾਨ ਸਾਂ ਮੈਂ! ਜਿੰਨੀਆਂ ਵੱਧ ਮੱਠੀਆਂ ਓਨਾ ਹੀ ਜ਼ਿਆਦਾ ਪਿਆਰ। ਸ਼ੱਕਰਪਾਰੇ ਅਤੇ ਬੂੰਦੀ ਦੇ ਲੱਡੂ ਮੈਨੂੰ ਕਦੀ ਨਹੀਂ ਭਾਏ। ਪਰ ਮੱਠੀਆਂ ਮੈਂ ਅੰਬ ਦੇ ਅਚਾਰ ਨਾਲ ਰੱਜ ਕੇ ਖਾਂਦੀ ਸੀ। ਨਿੱਕੀ ਹੁੰਦੀ ਮੈਂ ਵਿਆਹਾਂ ਦਾ ਸੀਜ਼ਨ ਉਡੀਕਦੀ ਰਹਿੰਦੀ ਸੀ।
ਸ਼ਰਮਾ ਅੰਕਲ ਦੇ ਘਰ ਸਾਲ ਦੇ ਘੱਟੋ-ਘੱਟ ਚਾਰ ਜਗਰਾਤੇ ਹੁੰਦੇ ਸਨ। ਮੈਂ ਬੜੇ ਉਤਸ਼ਾਹ ਨਾਲ ਭੇਟਾਂ ਗਾਉਣ ਵਾਲੇ ਨਾਲ ਆਪਣੀ ਪੂਰੀ ਵਾਹ ਲੈ ਕੇ ਜੈਕਾਰਾ ਲਾਉਂਦੀ ਹੁੰਦੀ ਸਾਂ ….”ਬੋਲ ਸਾਚੇ ਦਰਬਾਰ ਕੀ ਜੈ”। ਸਾਰੀ ਰਾਤ ਮੈਂ ਸ਼ੇਰਾਂ ਵਾਲੀ ਮਾਂ ਦੇ ਸੋਹਣੇ ਸੋਹਣੇ ਰੇਸ਼ਮੀ ਪੋਸ਼ਾਕੇ ਗੌਰ ਨਾਲ ਤੱਕਦੀ। ਮਾਤਾ ਦੀ ਮੂਰਤੀ ਦੇ ਪਿੱਛੇ ਟੰਗੇ ਝੂਠੇ ਜਿਹੇ ਪਹਾੜੀ ਦ੍ਰਿਸ਼ ਨੂੰ ਵੇਖ ਵੇਖ ਖੁਸ਼ ਹੁੰਦੀ ਅਤੇ ਕਈ ਵਾਰ ਕਿਸੇ ਰਾਖਸ਼ ਦੀ ਤਸਵੀਰ ਦੇਖ ਕੇ ਡਰ ਜਾਂਦੀ ਅਤੇ ਵਾਪਸ ਡੈਡੀ ਕੋਲ ਦੌੜ ਜਾਂਦੀ।
ਸਾਡੇ ਸਾਹਮਣੇ ਘਰ ਵਿਚ ਰਹਿੰਦੇ ਰਾਮਸ਼ਰਨ ਅੰਕਲ ਦੀਆਂ ਬੇਟੀਆਂ ਦੇ ਨਾਲ ਕਈ ਵਾਰ ਚਾਈ ਚਾਈ ਵਰਤ ਵੀ ਰੱਖ ਲੈਂਦੀ ਸਾਂ। ਦਰਅਸਲ ਮੈਨੂੰ ਵਰਤਾਂ ਦੇ ਸੁਆਦਲੇ ਭੋਜਨ ਦੀ ਚਾਅ ਹੁੰਦਾ ਸੀ। ਪੰਡਤਾਣੀ ਆਂਟੀ ਆਪਣੀਆਂ ਬੇਟੀਆਂ ਨਾਲ ਰਸੋਈ ‘ਚ ਬਿਠਾ ਕੇ ਬੜੇ ਹੀ ਪਿਆਰ ਨਾਲ ਸਿੰਘਾੜਿਆਂ ਦੀ ਰੋਟੀ ਦੇ ਨਾਲ ਆਲੂ ਦੇ ਸਬਜ਼ੀ ਬਣਾ ਕੇ ਦਿੰਦੇ ਸੀ। ਉਹਨਾਂ ਦੇ ਪਰਿਵਾਰ ਨਾਲ ਰਲ ਕੇ ਮੈਂ ਵੀ ਭੋਲੇ ਭਾਅ ਕਿੰਨੀਆਂ ਹੀ ਹਿੰਦੂ ਅਲੌਕਿਕ ਕਥਾਵਾਂ, ਵੀਰ ਗਾਥਾਵਾਂ, ਭਜਨ, ਮੰਤਰ ਸਿੱਖ ਗਈ। ਅਨੇਕਾਂ ਦੇਵੀ ਦੇਵਤਿਆਂ ਅਤੇ ਭਗਵਾਨਾਂ ਦੇ ਨਾਮ ਕੰਠ ਕਰ ਲਏ। ਕਈ ਵਾਰ ਮੈਂ ਉਹਨਾਂ ਸਾਰੀਆਂ ਨਾਲ ਰੁਸ ਕੇ ਵੀ ਆ ਜਾਂਦੀ ਸਾਂ। ਪਰ ਪੰਡਤਾਣੀ ਆਂਟੀ ਦੇ ਝਿੜਕਣ ਉੱਤੇ ਉਹ ਮੈਨੂੰ ਫਿਰ ਲਾਡ ਨਾਲ ਮਨਾ ਲੈਂਦੀਆਂ। ਉਨ੍ਹਾਂ ਸਾਰੀਆਂ ਤੋਂ ਛੋਟੀ ਜੋ ਸਾਂ ਮੈਂ। ਮੈਂ ਉਹਨਾਂ ਸਾਰੀਆਂ ਦੇ ਵਿਆਹ ਵੇਖੇ ਅਤੇ ਮਹਿੰਦੀ ਲਵਾਉਣ ਵੇਲੇ ਵੀ ਮੈਂ ਸਭ ਤੋਂ ਮੂਹਰੇ ਹੁੰਦੀ।
ਸਾਡਾ ਇੱਕ ਹੋਰ ਅਜੀਜ਼ ਗਵਾਂਢੀ ਪਰਿਵਾਰ ਹਰ ਸਾਲ ਆਪਣੇ ਘਰੇ ਅਖੰਡ ਪਾਠ ਕਰਾਉਂਦਾ। ਉਹਨਾਂ ਦੀਆਂ ਦੋਵੇਂ ਕੁੜੀਆਂ ਮੇਰੀ ਖਾਸ ਸਹੇਲੀਆਂ ਸਨ। ਸਾਲ ਦੇ ਉਹ ਤਿੰਨ ਦਿਨ ਉਹਨਾਂ ਦੇ ਘਰ ਕਿਵੇਂ ਬੀਤ ਜਾਂਦੇ ਕਦੀ ਪਤਾ ਹੀ ਨਾ ਚਲਦਾ।
ਗਲੀ-ਮੁੱਹਲੇ ‘ਚ ਕਿਸੇ ਦੇ ਘਰ ਵੀ ਸੁਖਮਨੀ ਸਾਹਿਬ ਦਾ ਪਾਠ ਹੋਵੇ ਤਾਂ ਮੈਂ ਭੱਜ ਕੇ ਪਹੁੰਚਦੀ। ਮੇਰੀ ਬਿਰਤੀ ਪ੍ਰਸ਼ਾਦ ਦੀ ਦੇਗ ‘ਚ ਲੱਗੀ ਹੁੰਦੀ ਸੀ ਅਤੇ ਅਰਦਾਸ ਮੈਨੂੰ ਕਈ ਵਾਰ ਬਹੁਤ ਲੰਬੀ ਲੱਗਦੀ ਸੀ। ਸਾਡੇ ਮੰਮੀ ਡੈਡੀ ਤਾਂ ਬਹੁਤ ਛੇਤੀ ਪੂਰੇ ਹੋ ਗਏ ਸੀ। ਸ਼ਾਇਦ ਇਸ ਕਰਕੇ ਅਸੀਂ ਤਿੰਨੋ ਭੈਣ ਭਰਾ ਹਰ ਜਸ਼ਨ ਅਤੇ ਹਰ ਸੋਗ ‘ਚ ਹਾਜ਼ਰੀਆਂ ਭਰਨੀਆਂ ਸਹਜੇ ਹੀ ਸਿੱਖ ਗਏ ਸੀ।
“ਪਿਛਲੀ ਵਾਰ ਮੈਂ ਗਈ ਸੀ, ਹੁਣ ਇਸ ਸੋਗ ‘ਤੇ ਤੂੰ ਜਾ”, “ਨਹੀਂ ਤੂੰ ਜਾ”…
“ਫਲਾਣੇ ਦੇ ਸ਼ਗਨ ‘ਤੇ ਮੈਂ ਗਿਆ ਸੀ, ਹੁਣ ਵਿਆਹ ‘ਤੇ ਤੂੰ ਜਾ”…
ਅਸੀਂ ਤਿੰਨੋ ਭੈਣ ਭਰਾ ਹਰ ਮੌਕੇ ਉੱਤੇ ਆਉਣ-ਜਾਣ ਦੀਆਂ ਵਾਰੀਆਂ ਬਨ੍ਹ ਲੈਂਦੇ ਸਾਂ। ਘਰ ‘ਚ ਰੋਜ਼ਾਨਾ ਕੰਮਾਂ ਲਈ ਵੀ ਅਸੀਂ ਸਾਰਿਆਂ ਨੇ ਰੋਟੀ ਪਕਾਉਣ ਤੇ ਸਫਾਈਆਂ-ਪੋਚੇ ਕਰਨ ਦੀਆਂ ਵਾਰੀਆਂ ਬਨ੍ਹੀਆਂ ਹੋਈਆਂ ਸਨ। ਮੇਰਾ ਛੋਟਾ ਵੀਰ ਫੁਲਕੇ ਪਕਾਉਣ ਤੋਂ ਥੋੜਾ ਭੱਜਦਾ ਸੀ। ਬਹੁਤ ਵਾਰ ਉਹ ਸਾਨੂੰ ਆਂਡਿਆਂ ਦੀ ਭੁਰਜੀ ਦੇ ਨਾਲ ਚੌਲ ਖਵਾ ਦਿੰਦਾ ਸੀ। ਮਿੰਟੋ-ਮਿੰਟੀ ਸਾਰਾ ਕੰਮ ਖਤਮ ਕਰਕੇ ਕਹਿੰਦਾ, ” ਓਕੇ ਫੈਮਿਲੀ, ਕਿਚਨ ਇਜ਼ ਕਲੋਜ਼ਡ ਨਾਉਂ”। ਨਿੱਕੇ ਹੁੰਦਿਆਂ ਇੰਨੇ ਚੌਲ ਖਾਧੇ ਕਿ ਹੁਣ ਚੌਲਾਂ ਵੱਲ ਵੇਖਣ ਨੂੰ ਵੱਢੀ ਰੂਹ ਨਹੀਂ ਕਰਦੀ।
ਘਰ ਦੇ ਲਾਗੇ ਵੱਡਾ ਸ਼ਿਵ ਮੰਦਿਰ ਹੋਣ ਕਰਕੇ ਸਾਡੀ ਗਲੀ ਵਿਚ ਪੰਡਤਾਂ ਜੋਤਸ਼ੀਆਂ ਦਾ ਬਹੁਤ ਆਉਣਾ ਜਾਣਾ ਸੀ। ਗਰਮੀਆਂ ਦੀ ਹੁੰਮਸੀ ਜਿਹੀ ਦੁਪਹਿਰੇ ਅਸੀਂ ਭੈਣ ਭਰਾ ਟਾਈਮ ਪਾਸ ਕਰਨ ਦੇ ਪੱਜ ਨਾਲ ਕਦੀਂ ਕਦਾਈਂ ਕਿਸੇ ਤੋਤੇ ਵਾਲੇ ਪੰਡਤ ਨੂੰ ਲਾਗੇ ਬਿਠਾ ਲੈਂਦੇ ਸਾਂ। ਜਦੋਂ ਤੱਕ ਉਹ ਸਾਡੇ ਮਨ ਚਾਹੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਰਹਿੰਦਾ ਅਤੇ ਸਾਨੂੰ ਲੁਭਾਉਣੇ ਸੁਫ਼ਨੇ ਵਿਖਾਉਂਦਾ ਰਹਿੰਦਾ ਅਸੀਂ ਉਸਨੂੰ ਚਾਹ ਪਾਣੀ ਪੁੱਛਦੇ, ਕਦੀਂ ਰੋਟੀ ਵੀ ਖਵਾ ਦਿੰਦੇ। ਪਰ ਜਦੋਂ ਉਹ ਸਾਨੂੰ ਕੋਈ ਆਲਤੂ -ਫਾਲਤੂ ਜਿਹਾ ਮਹਿੰਗਾ ਉਪਾਅ ਦਸਦਾ ਤਾਂ ਉਸਨੂੰ ਗਲੀ ਦੇ ਸਿਰੇ ਤੱਕ ਭਜਾ ਕੇ ਆਉਂਦੇ।
ਨੌ ਸਾਲ ਹੋ ਗਏ ਪਰਦੇਸ ਵਿਚ ਪਰ ਅਜੇ ਤਕ ਕੋਈ ਪੰਜਾਬੀ ਵਿਆਹ ਨਹੀਂ ਵੇਖਿਆ। ਮੁਫ਼ਤ ਦੀਆਂ ਮੱਠੀਆਂ ਖਾਣੀਆਂ ਤਾਂ ਦੂਰ ਦੀ ਗਲ। ਇੰਡੀਆ ‘ਚ ਵਸਦੇ ਸਾਕ-ਸੰਬੰਧੀ ਕਦੀ ਕਿਸੇ ਵਿਆਹ ਤੇ ਕੋਈ ਕਾਰਡ ਨਹੀਂ ਭੇਜਦੇ। ਉਦੋਂ ਹੀ ਪਤਾ ਲਗਦੈ ਜਦੋਂ ਅਗਲਿਆਂ ਦਾ ਜਵਾਕ ਵੀ ਸਕੂਲੇ ਦਾਖਿਲ ਹੋ ਜਾਂਦਾ। ਅਗਲੇ ਵੀ ਸੱਚੇ ਨੇ, “ਅਖੇ ਕੰਧੋਂ ਅੱਗੇ ਪਰਦੇਸ ਨੀ ਅੜੀਏ”. . . . .ਕੌਣ ਫੋਨ ਕਰੇ ਅਤੇ ਟਿਕਟ ਖਰਚ ਕੇ ਵਿਆਹ ਦਾ ਕਾਰਡ ਘੱਲੇ। ਪਤਾ ਹੈ ਜਿਉਣ ਜੋਗਿਆਂ ਨੂੰ ਕਿ ਮੈਂ ਕਿਹੜਾ ਉਨ੍ਹਾਂ ਦੇ ਨਿਉਤੇ ਤੇ ਇੰਡੀਆ ਜਾ ਧਮਕਣਾ। ਇਥੇ ਬਹਿ ਕੇ ਬਸ ਅਮੀਰ ਖੁਸਰੋ ਦਾ ਗੀਤ ਹੀ ਗਾਉਣਾ ਹੈ ….. “ ਕਾਹੇ ਕੋ ਬਿਆਹੇ ਪਰਦੇਸ ਰੇ, ਬਾਬੁਲ ਮੋਰੇ … ਕਾਹੇ ਕੋ ਬਿਆਹੇ ਪਰਦੇਸ “ …….
ਹੁਣ ਵੀ ਰੋਜ਼ ਸੂਰਜ ਚੜ੍ਹਦਾ ਅਤੇ ਡੁੱਬ ਜਾਂਦਾ ਹੈ। ਸੂਰਜ ਦੀ ਲਾਲੀ ਨਾਲ ਨਾ ਕੋਈ ਪੰਛੀ ਚਹਿਚਹਾਉਂਦਾ ਹੈ ਅਤੇ ਨਾ ਹੀ ਰਾਤ ਦੀ ਸਿਆਹੀ ਨਾਲ ਤਾਰਿਆਂ ਦਾ ਕੋਈ ਝੁਰਮਟ ਆਕਾਸ਼ ਵਿਚ ਉਤਰਦਾ ਹੈ। ਅਖੰਡ ਪਾਠ ਕਰਾਉਣ ਵਾਲ ਗੁਆਂਢੀ ਪਰਿਵਾਰ, ਜਗਰਾਤੇ ਕਰਾਉਣ ਵਾਲੇ ਅੰਕਲ ਅਤੇ ਸਿੰਘਾੜਿਆਂ ਦੀ ਰੋਟੀ ਪਰੋਸਣ ਵਾਲੀ ਪੰਡਤਾਣੀ ਆਂਟੀ ਸਾਰੇ ਪਤਾ ਨਹੀ ਕਿਥੇ ਅਲੋਪ ਹੋ ਗਏ ਹਨ । ਕਦੇ-ਕਦਾਈਂ ਤੋਤੇ ਵਾਲੇ ਪੰਡਤ ਬਾਰੇ ਸੋਚਦੀ ਹਾਂ, ਦਿਲ ਕਰਦਾ ਹੈ ਉਸਨੂੰ ਕਿਧਰੋਂ ਲੱਭ ਲਿਆਵਾਂ, ਜਿਉਣ ਜੋਗਾ ਕਹਿੰਦਾ ਸੀ, “ਹਰ ਦੂਖ ਰੋਗ ਕਾ ਉਪਾਏ ਹੈ ਹਮਾਰੇ ਪਾਸ, ਕਸਮ ਜੱਟਾਧਾਰੀ ਕੀ, ਸ਼ਿਵ ਸ਼ੰਭੂ ਕੀ”!
Leave A Reply