ਮਿੰਨੀ ਕਹਾਣੀ
ਬਿਲਟ-ਇਨ ਐਪ
© ਅਨੂਪ ਬਾਬਰਾ
ਰੋਜ਼ ਦੀ ਤਰ੍ਹਾਂ ਅੱਜ ਸ਼ਾਮ ਵੀ ਸੈਰ ਕਰਦਿਆਂ ਸਾਨੂੰ ਜਿੰਨੇ ਵੀ ਪੰਜਾਬੀ ਮੂੰਹ-ਮੱਥੇ ਲੱਗੇ ਸਭਨੂੰ ਮੁਸਕਰਾ ਕੇ ਪੋਲੀ ਜਿਹੀ ਫਤਿਹ ਬੁਲਾ ਛੱਡੀ । ਵੈਸੇ ਵੀ ਬਰੈਮਪਟਨ ਦੀਆਂ ਗਲੀਆਂ ਵਿਚ ਗੋਰਾ ਤਾਂ ਕੋਈ ਦਿਖਦਾ ਹੀ ਨਹੀਂ।
ਕਿਸੇ ਵੀ ਪੰਜਾਬੀ ਨੂੰ ਆਉਂਦਿਆਂ ਦੇਖ ਮੈਂ ਆਦਤ ਅਨੁਸਾਰ ਨਿੱਕੀ ਨੂੰ ਹੌਲੀ ਜਿਹੀ ਕੂਹਣੀ ਮਾਰ ਦਿੰਦੀ ਹਾਂ ਕਿ ਭਾਈ ਬੀਬਾ ਤਿਆਰ ਹੋ ਜਾ ਹੁਣ ਫਤਿਹ ਬੁਲਾਉਣ ਲਈ। ਬੇਸ਼ਕ ਹੁਣ ਤਾਂ ਉਹ ਫਤਿਹ ਬੁਲਾਉਣ ਦੇ ਨਿਯਮ ਤੋਂ ਭਲੀਭਾਂਤ ਜਾਣੁ ਹੋ ਗਈ ਹੈ ਤੇ ਉਸ ਨੂੰ ਪਤਾ ਹੈ ਕਿ ਜੇ ਉਸ ਨੇ ਇਸ ਨਿਯਮ ਨੂੰ ਤੋੜਿਆ ਤਾਂ ਮਾਂ ਨੇ ਖੜ੍ਹੇ-ਖਲੋਤੇ ਉਸਦੀ ਕਲਾਸ ਲੈ ਲੈਣੀ ਹੈ। ਕਿਸੇ ਵੀ ਪੰਜਾਬੀ ਭਾਈ ਨੂੰ ਵੇਖਦਿਆਂ ਸਾਰ ਹੁਣ ਉਹ ਚੌਕੰਨੀ ਹੋ ਜਾਂਦੀ ਹੈ ਪਰ ਰੱਬ ਦੀ ਬੰਦੀ ਮੈਨੂੰ ਪੁੱਛਣੋਂ ਨਹੀਂ ਹੱਟਦੀ,
“ਮੌਮ ਡੂ ਯੂ ਨੋ ਹਿਮ ?”
” ਡੂ ਯੂ ਨੋ ਹਰ ?”
ਮੈਂ ਹਮੇਸ਼ਾਂ ਨਾਹ ਵਿਚ ਸਿਰ ਹਿਲਾ ਦਿੰਦੀ ਹਾਂ । ਅਜੇ ਕੁਝ ਹਫਤੇ ਪਹਿਲਾਂ ਹੀ ਤਾਂ ਅਸੀਂ ਬਰੈਮਪਟਨ ਸ਼ਿਫਟ ਕੀਤੀਆਂ ਹਾਂ । ਇਥੇ ਨਾਂ ਕੋਈ ਸਾਡਾ ਰਿਸ਼ਤੇਦਾਰ ਨਾ ਕੋਈ ਦੋਸਤ ਮਿੱਤਰ। ਇਹ ਨਿੱਕੀ ਵੀ ਧਰਮ ਨਾਲ ਕਦੇ-ਕਦੇ ਹੱਦ ਹੀ ਕਰ ਦਿੰਦੀ ਹੈ।
ਅੱਜ ਫੇਰ ਜਦ ਅਸੀਂ ਇੱਕ ਬਿਰਧ ਜੋੜੇ ਨੂੰ ਫਤਿਹ ਬੁਲਾ ਕੇ ਅਗਾਂਹ ਤੁਰੀਆਂ ਤਾਂ ਮੈਂ ਨਿੱਕੀ ਦੇ ਸਵਾਲ ਲਈ ਤਿਆਰ-ਬਰ-ਤਿਆਰ ਸਾਂ
” ਮੌਮ ਡੂ ਯੂ….”
‘ਆਹੋ” ਮੈਂ ਝੱਟ ਕਹਿ ਦਿੱਤਾ” ਸਾਡੀ ਮਿੱਟੀ ਸਾਂਝੀ ਹੈ।“
“ਰੀਅਲੀ, ਇੱਹ ਮਿੱਟੀ ਕਿਹੜੀ ਐਪ ਹੋਈ ਮੌਮ ? ਤੁਸੀਂ ਕਦੋਂ ਡਾਊਨਲੋਡ ਕੀਤੀ ?” ਨਿੱਕੀ ਨੂੰ ਸ਼ਰਾਰਤ ਤੇ ਸ਼ਰਾਰਤ ਸੁੱਝ ਰਹੀ ਸੀ ।
“ਡਾਉਨਲੋਡ ਨਹੀਂ ਕੀਤੀ, ਬਿਲਟ-ਇਨ ਹੈ।“ ਮੈਂ ਮੁਸਕਾ ਕੇ ਕਿਹਾ।
ਮੈਂ ਇੰਡੀਆ ਤੋਂ ਦੂਰ ਹਾਂ ਸ਼ਾਇਦ ਫੇਰ ਕਦੀਂ ਵੀ ਮੁੜ ਫੇਰੀ ਨਾ ਪਾ ਸਕਾਂ, ਪਰ ਇੰਡੀਆ ਮੈਥੋਂ ਦੂਰ ਨਹੀਂ । ਮੇਰੇ ਅੰਦਰੋਂ ਇੱਕ ਹੂਕ ਉੱਠੀ।
“ਬਾਕੀ ਫੇਰ …ਕੱਲ੍ਹ ਵਾਸਤੇ ਲੰਚ ਪੈਕ ਕਰਨਾ ਹੈ।“ ਮੈਂ ਕਾਹਲੀ ਨਾਲ ਕਿਹਾ ਅਤੇ ਉਸਦੀ ਨਿੱਕੀ ਜਿਹੀ ਉਂਗਲ ਫੜ ਆਪਣੇ ਕਦਮ ਮੋੜ ਲਏ। ਪਤਾ ਸੀ ਮੈਨੂੰ ਕਿ ਨਵੀਂ ਬੇਸਮੈਂਟ ਦੀ ਨੀਵੀ ਜਿਹੀ ਛੱਤ ਹੇਠ ਪਸਰੀ ਇੱਕਲ ਅਸਾਨੂੰ ਉਡੀਕ ਰਹੀ ਹੋਣੀ ਹੈ ।
Leave A Reply