ਅੱਜ ਸਵੇਰਸਾਰ ਡਾਕਟਰ ਦੇ ਆਫਿਸ ਬੈਠੀ, ਮੈਂ ਆਪਣੀ ਵਾਰੀ ਉਡੀਕ ਰਹੀ ਸੀ ਕਿ ਮੇਰੀ ਨਜ਼ਰ ਲਾਗੇ ਬੈਠੇ ਇੱਕ ਪੰਜਾਬੀ ਵੀਰ ਤੇ ਪਈ। ਮੁੜ-ਮੁੜ ਮੇਰੀ ਨਿਗਾਹ ਉਸਦੀ ਬਾਂਹ ‘ਤੇ ਬੱਝੀ ਪੱਟੀ ‘ਤੇ ਟਿੱਕ ਰਹੀ ਸੀ, ਆਖਿਰ ਮੇਰੇ ਤੋਂ ਰਿਹਾ ਨਾ ਗਿਆ ਤੇ ਹਾਰ ਕੇ ਮੈਂ ਪੁੱਛ ਹੀ ਲਿਆ,”ਵੀਰ ਇਹ ਬਾਂਹ ‘ਤੇ ਸੱਟ ਕਿਵੇਂ ਲਵਾ ਲਈ?”
“ਭੈਣ kitchen cabinets ਬਣਾਉਂਦਾ ਹਾਂ, ਪਿੱਛਲੇ ਮਹੀਨੇ ਮਿਸ਼ਿੰਦਰੀ ‘ਚ ਵਲੂੰਧਰੀ ਗਈ।“ ਉਸਨੇ ਆਪਣੇ ਹੰਝੂਆਂ ਨੂੰ ਰੋਕਦਿਆ ਹੋਇਆਂ ਜਵਾਬ ਦਿੱਤਾ।
ਅੰਦਰੋਂ-ਅੰਦਰ ਮੈਨੂੰ ਬਹੁਤ ਦੁੱਖ ਲੱਗਾ। ਹਮਵਤਨ ਜੁ ਸੀ ਮੇਰਾ। ਪਰ ਮੇਰੇ ਮੂੰਹੋ ਦੋ-ਬੋਲ ਵੀ ਹਮਦਰਦੀ ਦੇ ਨਾ ਨਿਕਲ ਸਕੇ। ਪਤਾ ਨਹੀਂ ਕਿਓਂ, ਸ਼ਬਦਾਂ ਨਾਲ ਉਸਦਾ ਦੁੱਖ ਵੰਡਣਾ ਮੈਨੂੰ ਕੁਝ ਝੂਠਾ ਅਤੇ ਅਰਥਹੀਣ ਜਿਹਾ ਲਗਿਆ। ਮੱਲੋ-ਮੱਲੀ ਮੈਂ ਆਪਣਾ ਧਿਆਨ ਮਿਸ਼ਿੰਦਰੀ ਵੱਲ ਲਾਉਣਾ ਚਾਹਿਆ। ਸ਼ੁਕਰ ਡਾਢੇ ਰੱਬ ਦਾ! ਅੱਜ ਸਵੇਰਸਾਰ ਇੱਕ ਤਾਂ ਨਵਾਂ ਲਫ਼ਜ਼ ਸਿੱਖਣ ਨੂੰ ਮਿਲਿਆ । ਮੈਂ ਅੰਦਾਜ਼ਾ ਜਿਹਾ ਲਾਇਆ ਕਿ ਸ਼ਾਇਦ machinery ਨੂੰ ਹੀ ਮਿਸ਼ਿੰਦਰੀ ਕਿਹਾ ਜਾਂਦਾ ਹੈ। ਇੰਨੀਂ ਪੰਜਾਬੀ ਤਾਂ ਮੈਂ ਅੰਮ੍ਰਿਤਸਰ ‘ਚ ੨੩ ਵਰ੍ਹੇ ਰਹਿ ਕੇ ਨਹੀਂ ਸਿੱਖੀ, ਜਿੰਨੀਂ ਕਨੇਡਾ ‘ਚ ਆ ਕੇ ਰਾਤੋ-ਰਾਤ ਸਿੱਖ ਲਈ। ਕਿੰਨੀ ਕਮਲੀ ਹਾਂ, ਮੈਨੂੰ ਇੰਨਾ ਵੀ ਪਤਾ ਨਹੀ ਕਿ ਪੰਜਾਬੀ ‘ਚ machinery ਨੂੰ ਮਿਸ਼ਿੰਦਰੀ ਆਖਿਆ ਜਾਂਦਾ ਹੈ। ਖੈਰ, ਹੁਣ ਤਾਂ ਪਤਾ ਲੱਗ ਹੀ ਗਿਆ। ਮਨ ਹੀ ਮਨ ਵਿਚ ਮੈਂ ਆਨੰਦਿਤ ਜਿਹੀ ਹੋ ਗਈ ਕਿ ਸ਼ਾਇਦ ਅੱਜ ਫੇਰ ਮੈਂ ਇੱਕ ਨਵਾਂ ਲਫ਼ਜ਼ ਸਿੱਖਆ ਹੈ ਅਤੇ ਮੇਰੇ ਪੰਜਾਬੀ ਸ਼ਬਦਕੋਸ਼ ਵਿਚ ਵਾਧਾ ਹੋ ਗਿਆ ਹੈ।
ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੇਰਾ ਧਿਆਨ ਉਸ ਵੀਰ ਦੀ ਦੁੱਖਦੀ ਬਾਂਹ ਤੋਂ ਨਾ ਹੱਟ ਸਕਿਆ। ਮੇਰੇ ਵਿਹਲੇ ਦਿਮਾਗ ਨੇ ਬਥੇਰਾ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਚਿੱਟੀ ਪੱਟੀ ਉੱਤੇ ਸੁੱਕੇ ਲਹੂ ਦੇ ਗਹਿਰੇ ਧੱਭਿਆਂ ਨੇ ਮੇਰਾ ਚਿੱਤ ਕਿਸੇ ਪਾਸੇ ਨਹੀਂ ਟਿੱਕਣ ਨਾ ਦਿੱਤਾ।
“ਛਪਿੰਜਾ ਟਾਂਕੇ ਲੱਗੇ ਨੇ, ਅਜੇ ਤੀਜੀ ਸਰਜਰੀ ਹੋਣੀ ਹੈ।“ ਉਸ ਨੇ ਹਉਕਾ ਭਰਦਿਆਂ ਕਿਹਾ।
ਹੁਣ ਇਹ ਛਪਿੰਜਾ ਕੀ ਹੈ? ਫੋਰਟੀ-ਸਿਕਸ ਜਾਂ ਫੇਰ ਸਿਕਸਟੀ-ਫ਼ੋਰ। ਮਿੰਟ ਕੁ ਲਈ ਮੇਰੀ ਸੂਈ ਫੇਰ ਅਟਕ ਗਈ। ਸੋਚਿਆ ਘਰ ਜਾ ਕੇ ਪਤਾ ਕਰੂੰਗੀ ਪਰ ਇਸ ਵੇਲੇ ਦੇ ਮਾਰੇ ਨੂੰ ਨਹੀਂ ਪੁੱਛਣਾ। ਕੀ ਸੋਚੇਗਾ ਕਿ ਇਹ ਬੀਬੀ ਤਾਂ ਜਮਾਂ ਈ ਨਲਾਇਕ ਹੈ। ਘਰ ਜਾ ਕੇ ਮਨਪ੍ਰੀਤ ਨੂੰ ਫੋਨ ਕਰ ਲਵਾਂਗੀ।
“ਭੈਣੇ ਮੈਨੂੰ ਤਾਂ ਕਨੇਡਾ ਬਹੁਤ ਹੀ ਮਾੜਾ ਲੱਗਿਆ”, ਉਸ ਭਰੀ ਆਵਾਜ਼ ਨਾਲ ਕਿਹਾ। ਮੈਂ ਸਿਰ ਝੁਕਾ ਕੇ ਝੂਠੀ ਜਿਹੀ ਹਾਮੀ ਭਰ ਦਿੱਤੀ।
ਮਨ ਹੀ ਮਨ ਸੋਚਿਆ ਕਿ ਚੰਗੇ ਸੁਪਨੇ ਤੇ ਨੇਕ ਕਰਮ ਵੀ ਡੂੰਘੀਆਂ ਸੱਟਾਂ ਮਾਰ ਦਿੰਦੇ ਨੇ ਮੁਲਕ ਭਾਵੇਂ ਕੋਈ ਵੀ ਹੋਵੇ ਕਨੇਡਾ ਵੀ ਚੰਗਿਆ-ਚੰਗਿਆ ਨੂੰ ਚੰਗੀ ਤਰਾਂ ਲੱਗ ਜਾਂਦਾ ਹੈ। ਆਪੋ ਆਪਣੇ ਹਿੱਸੇ ਦਾ ਸਭ ਨੂੰ ਲੱਗਦਾ ਹੈ। ਜਿਹੜੇ ਫੱਟ ਨਜ਼ਰ ਨਹੀਂ ਆਉਂਦੇ ਉਹ ਵੀ ਉੰਨੇ ਹੀ ਰਿਸਦੇ ਨੇ ਜਿੰਨੇ ਉਸ ਵੀਰ ਦੇ ਛਪਿੰਜਾ ਟਾਂਕੇ । ਹੁਣੇ ਮਨਪ੍ਰੀਤ ਨੂੰ ਫੋਨ ਲਾਕੇ ..
ਕਨੇਡਾ ਸਭਨਾ ਨੂੰ ਲੱਗਦਾ ਹੈ।
© ਅਗਸਤ 8, 2016, ਅਨੂਪ ਬਾਬਰਾ
Leave A Reply