ਕਹਾਣੀ
ਅਨੂਪ ਬਾਬਰਾ
ਮੈਰੀ ਕ੍ਰਿਸਮਿਸ/ ਨੋ ਪ੍ਰੋਫਿਟ ਨੋ ਲੌਸ
ਪਿਛਲੇ ਕੁਝ ਦਿਨਾਂ ਤੋਂ ਮੈਂ ਇੱਕ ਨੌਂਨ-ਪਰੌਫਿੱਟ ਸੰਸਥਾ ਨਾਲ ਵਲੰਟੀਅਰ ਵਜੋਂ ਕੰਮ ਕਰ ਰਹੀ ਹਾਂ। ਆਮ ਕਾਮ-ਕਾਜੀ ਲੋਕਾਂ ਵਾਂਗ ਮੈਂ ਵੀ ਸਵੇਰ ਸਾਰ ਤਿਆਰ-ਬਰ-ਤਿਆਰ ਹੋ, ਨਿੱਕੀ ਨੂੰ ਸਕੂਲੇ ਤੋਰ ਕੇ ਕੰਮ ਤੇ ਨਿਕਲ ਜਾਂਦੀ ਹਾਂ। ਬੰਦਾ ਪੈਸੇ ਕਮਾਉਣ ਲਈ ਤਾਂ ਸਦਾ ਹੀ ਵਾਹ ਲਾਉਂਦਾ ਹੈ, ਸੋਚਿਆ ਜਿੰਨੀਂ ਦੇਰ ਕੋਈ ਠੀਕ ਕੰਮ ਨਹੀਂ ਲਭਦਾ ਕੋਈ ਨਵਾਂ ਹੁਨਰ ਹੀ ਸਿੱਖ ਲਵਾਂ।
ਅੱਜ ਲੰਚ-ਰੂਮ ਵਿਚ ਖੂਬ ਗਹਿਮਾ-ਗਹਿਮੀ ਸੀ। ਕੁਝ ਲੋਕ ਸਿਰ ਸੁੱਟ ਕੇ ਸੇੱਲ-ਫੋਨਾਂ ਵਿਚ ਖੁਭੇ ਪਏ ਸਨ। ਕੁਝ ਕ੍ਰਿਸਮਸ ਪਾਰਟੀ ‘ਤੇ ਜਾਣ ਲਈ ਆਪਣੀਆਂ ਜੇਬਾਂ ਅਤੇ ਪਰਸ ਫਰੋਲ ਫਰੋਲ ਟਿਕਟਾਂ ਖਰੀਦਣ ਲਈ ਪੈਸੇ ਇਕਠੇ ਕਰ ਰਹੇ ਸਨ। ਉਥੇ ਦੋ ਤਿੰਨ ਹੋਰ ਤੀਵੀਂਆਂ ਵੀ ਬੈਠੀਆਂ ਸਨ ਅਤੇ ਗੱਪ-ਸ਼ਪ ਮਾਰਦਿਆਂ ਆਪੋ-ਆਪਣੇ ਠੰਢੇ ਸੈਂਡਵਿਚ ਨੂੰ ਠੁੰਗਾਂ ਮਾਰ ਰਹੀਆਂ ਸਨ। ਕੁਝ ਬੰਦੇ ਛੇਤੀ ਛੇਤੀ ਆਪਣਾ ਲੰਚ ਨਿਬੇੜ , ਜੈਕਟਾਂ ਕੱਸਦਿਆਂ ਬਾਹਰ ਦੁੱਧ-ਚਿੱਟੀ ਬਰਫ਼ ਵਿਚ ਸਿਗਰਟਾਂ ਫੂਕਣ ਦੀ ਤਿਆਰੀ ਕਰ ਰਹੇ ਸਨ। ਇੰਨੇ ਵਿਚ ਮੇਰਾ ਸੁਪਰਵਾਈਜਰ ਹੈਰੀ ਵੀ ਬਰੇਕ-ਰੂਮ ਵਿਚ ਆ ਬਹੁੜਿਆ। ਮੈਂ ਆਪਣੀ ਪਾਲਕ ਅਤੇ ਸੋਇਆਬੀਨ ਪਾ ਕੇ ਬਣਾਈ ਮੂੰਗੀ ਸਾਬਤ ਦੀ ਦਾਲ ਮਾਈਕਰੋਵੇਵ ਵਿਚ ਗਰਮ ਕਰ ਰਹੀ ਸਾਂ । ਕੁਝ ਲੋਕਾਂ ਨੇ ਤਾਂ ਕੇ ਲੰਮੇ ਸਾਹ ਲੈ, ਪਤਾ ਨਹੀਂ ਕਿੰਨੀ ਕੁ ਵਾਰ ਮੇਰੀ ਦਾਲ ਨੂੰ ਸੁੰਘਿਆ। ਉਨ੍ਹਾਂ ਨੂੰ ਨੱਕ –ਮੂੰਹ ਚੜ੍ਹਾਉਦਿਆਂ ਵੇਖ, ਮੈਨੂੰ ਆਪਣੇ ਅੰਮ੍ਰਿਤਸਰ ਵਾਲੇ ਘਰ ਦੇ ਖੱਬੇ ਪਾਸੇ ਵਾਲੇ ਗੁਆਂਢੀਆਂ ਦਾ ਕੁੱਤਾ ਟੋਮੀ ਚੇਤੇ ਆ ਗਿਆ। ਉਹ ਵਿਚਾਰਾ ਇਨ੍ਹਾਂ ਸਾਰਿਆਂ ਵਾਂਗ ਅੰਗ੍ਰੇਜ਼ੀ ਵਿਚ “ਵਾਓ ਵਾਓ” ਤਾਂ ਨਹੀਂ ਸੀ ਕਹਿ ਸਕਦਾ ਪਰ ਤੜਕੇ ਦੀ ਖੁਸ਼ਬੋ ਸੁੰਘ ਕੇ ਗੋਲ ਗੋਲ ਘੁੰਮਦਾ ਤੇ ਪੂੰਛ ਜ਼ਰੂਰ ਹਿਲਾਉਂਦਾ ਸੀ । ਮੈਂ ਬੜੀ ਸ਼ਾਨ ਨਾਲ ਆਪਣੀ ਦਾਲ ਮਾਈਕਰੋਵੇਵ ‘ਚੋਂ ਕੱਢੀ ਤੇ ਖੂੰਜੇ ਵਿਚ ਜਾ ਬੈਠੀ। ਉਸ ਵਾਹਿਗੁਰੂ ਦਾ ਨਾਂ ਲੈ, ਅਲਸੀ ਦੇ ਤੇਲ ਨਾਲ ਚੋਪੜੀਆਂ ਰੋਟੀਆਂ ਨੂੰ ਦਾਲ ਵਿਚ ਭਿਓਂ ਕੇ, ਮਿਰਚਾਂ ਦੇ ਆਚਾਰ ਨਾਲ ਬੜੇ ਸੁਆਦ ਨਾਲ ਖਾਣ ਲੱਗ ਪਈ।
ਮੇਰਾ ਸੁਪਰਵਾਈਜਰ ਹੈਰੀ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਮੈਨੂੰ ਬਿਟ-ਬਿਟ ਤੱਕ ਰਿਹਾ ਸੀ। ਸ਼ਾਇਦ ਉਸ ਦੀਆਂ ਨਜ਼ਰਾਂ ਮੇਰੇ ਖੱਬੇ ਹੱਥ ਦੀਆਂ ਖਾਲੀ ਉਂਗਲਾਂ ਵਿਚੋਂ ਕਿਸੇ ਮੁੰਦਰੀ ਜਾਂ ਛਾਪ ਨੂੰ ਲੱਭ ਰਹੀਆਂ ਸਨ। ਜਿੰਨੀਂ ਵਾਰ ਮੈਂ ਪਾਣੀ ਦਾ ਗਲਾਸ ਚੁੱਕਿਆ ਉੰਨੀ ਵਾਰ ਹੀ ਉਸਦੀ ਨਜ਼ਰ ਘੁੰਮ-ਘੁੰਮਾ ਕੇ ਮੇਰੇ ਹੱਥ ਉਤੇ ਜਾ ਪੈਂਦੀ। ਮੈਨੂੰ ਕੁਝ ਖੁੜਕ ਗਈ ਸੀ ਕਿ ਉਹ ਕੀ ਟੋਹੰਦਾ ਹੈ। ਪਿਛਲੇ ਵੀਹ ਸਾਲ ਤੋਂ ਇਸ ਮੁਲਕ ਦਾ ਹਵਾ ਪਾਣੀ ਮੈਨੂੰ ਲੱਗ ਗਿਆ ਹੈ ਤੇ ਹੁਣ ਮੈਂ ਬਹੁਤੀ ਮੂਰਖ ਵੀ ਨਹੀਂ ਰਹੀ। ਮੌਕਾ ਲੱਗਦਿਆਂ ਹੀ ਉਹ ਨਾਲ ਵਾਲੀ ਕੁਰਸੀ ਧੂਹ ਕੇ ਮੇਰੀ ਮੇਜ਼ ਤੇ ਆ ਬੈਠਿਆ। ਮੈਨੂੰ ਕੋਈ ਹੈਰਾਨੀ ਨਹੀਂ ਹੋਈ । ਹਲਕਾ ਜਿਹਾ ਖੰਗੂਰਾ ਮਾਰ ਆਪਣੀ ਟਾਈ ਸੈਟ ਕਰਦਿਆਂ ਉਸ ਆਖਿਆ,
“ ਆਹ ਪਾਲਕ ਦਾ ਸੂਪ ਤਾਂ ਬੜਾ ਵਧੀਆ ਲੱਗਦਾ ਹੈ” “ਦਿਸ ਸਪਿਨਿਚ ਸੂਪ ਲੂਕਸ ਸੋ ਡੀਲਿਸ਼ਅਸ।“
ਉਸ ਦੀ ਗਲ ਸੁਣਕੇ ਜਿਵੇਂ ਮੇਰੇ ਮੂੰਹ ਵਿਚ ਕੋਈ ਰੋੜ ਹੀ ਆ ਗਿਆ। ਮੈਂ ਕਲ੍ਹ ਰਾਤ ਇੰਨੀਂ ਰੀਝ ਨਾਲ ਦਾਲ ਬਣਾਈ ਸੀ ਅਤੇ ਉਸਨੂੰ ਸਵਾਰ ਕੇ ਤੜਕਾ ਵੀ ਲਾਇਆ ਸੀ । ਹੈਰੀ ਨੇ ਉਸਨੂੰ ਸੂਪ ਕਹਿ ਕੇ ਸਾਰਾ ਸਵਾਦ ਹੀ ਖਰਾਬ ਕਰ ਛੱਡਿਆ। ਮੂੰਹ ਵਿਚਲੀ ਬੁਰਕੀ ਨੂੰ ਛੇਤੀ ਛੇਤੀ ਨਿਗਲ ਕੇ ਮੈਂ ਹੌਲੀ ਜਿਹੀ ਉਸਦਾ ਰਸਮੀ ਧੰਨਵਾਦ ਕਰ ਦਿੱਤਾ।
,” ਤੈਨੂੰ ਕੋਈ ਮੁਸ਼ਕਲ ਤਾਂ ਨਹੀਂ”? ਉਸ ਗਲ ਅੱਗੇ ਤੋਰਦਿਆਂ ਸਵਾਲਾਂ ਦੀ ਝੜੀ ਲਾ ਦਿੱਤੀ।
“ਸਾਡਾ ਇਨ-ਹਾਉਸ ਕੰਮਪਿਓਟਰ ਸੋਫਟਵੀਅਰ ਸਮਝ ਆ ਗਿਆ? ਅਗਲੇ ਮਹੀਨੇ ਦੀ ਆਓਟਰੀਚ ਕਲੀਨਕ ਟਰੋੰਟੋ ਡਾਉਨਟਾਉਨ ਵਿਚ ਕਰੇਂਗੀ ਜਾਂ ਲੰਡਨ ਜਾਵੇਂਗੀ? ਤੈਨੂੰ ਆਹ ਹਰੀਆਂ ਮਿਰਚਾਂ ਕੌੜੀਆਂ ਨਹੀਂ ਲੱਗਦੀਆਂ?” ਮੈਂ ਦੋ ਟੁੱਕ ਲਫਜ਼ਾਂ ਵਿਚ ਉਸਦੇ ਸਵਾਲਾਂ ਦਾ ਜਵਾਬ ਦਿੰਦੀ ਰਹੀ। ਹੈਰੀ ਤਾਂ ਜਿਵੇਂ ਮੈਨੂੰ ਚਿੱਚੜ ਬਣਕੇ ਚਿੰਬੜ ਗਿਆ ਸੀ।
“ਕੀ ਤੂੰ ਫੇਸਬੁੱਕ ‘ਤੇ ਹੈਂ? ਮੈਂ ਤੈਨੂੰ ਐਡ ਕਰ ਲਵਾਂ?” ਹੈਰੀ ਨੇ ਸਵਾਲ ਕੀਤਾ।ਮੈਂ ਰੋਟੀ ਖਾਂਦੀ ਨੇ ਹਾਂ ਵਿਚ ਸਿਰ ਹਿਲਾਇਆ।
ਬੁਰਕੀ ਮੂੰਹ ‘ਚ ਪਾਉਂਦੀ ਹੋਈ ਮੈਂ ਮਨ ਹੀ ਮਨ ਵਿਚ ਸੋਚਿਆ … ਭਲਾ ਬੰਦਾ ਆਖੇ ਅੱਜ ਕੱਲ ਕੌਣ ਹੈ ਜੋ ਫੇਸਬੁੱਕ ‘ਤੇ ਨਹੀਂ ਹੈ। ਹਰ ਵਿਆਜੀਆ, ਬਜਾਜ, ਪਾਨ ਦੀ ਦੁਕਾਨ ਵਾਲਾ, ਸਾਇਕਲ ਸਕੂਟਰ ਨੂੰ ਪੈਂਚਰ ਲਾਉਣ ਵਾਲਾ, ਚੁੰਨੀਆਂ ਰੰਗਣ ਵਾਲਾ, ਟਰੱਕ ਕਲੀਨਰ, ਲਿਕਰ ਸਟੋਰ ਦੇ ਬਾਹਰ ਟੋਪੀ ਮੂਧੀ ਮਾਰੀ ਬੈਠਾ ਗੀਤ ਗਾਉਂਦਾ ਮੰਗਤਾ… ਸਾਰੇ ਹੀ ਤਾਂ ਨੇ ਫੇਸਬੁੱਕ ‘ਤੇ। ਐਵੇਂ ਹੀ ਤਾਂ ਨਹੀ ਕੁੜੀਆਂ ਦੀਆਂ ਤਸਵੀਰਾਂ ‘ਤੇ ਢਾਈ ਮਿੰਟ ਵਿਚ ਸਾਢੇ ਪੰਜ ਸੌ ਲਾਇਕ ਕਲਿਕ ਹੋ ਜਾਂਦੇ ਨੇ। ਕਮੇੰਟ ਵੀ ਤਾਂ ਕਿੰਨੇ ਮਨੋਰੰਜਕ ਹੁੰਦੇ ਹਨ।
ਅਖੇ,”ਹਾਏ ਮੈਂ ਮਰ ਜਾਵਾਂ”, “ਮਾਰ ਸੁੱਟਿਆ”, “ਨਿਰਾ ਟੋਟਾ”, “ਉਫ਼”, ਕਿਆਮਤ”, “ਹੁਸਨਾਂ ਦੀ ਸਰਕਾਰ”, “ਪਟਾਕਾ”, “ਜੰਨਤ ਦੀ ਹੂਰ”, “ਅਪਸਰਾ”, “ਬਿਊਟੀ ਕਵੀਨ”, ਅਤੇ ਹੋਰ ਛੱਤੀ ਸੌ …. ਪਰ ਹੈਰੀ ਕੀ ਜਾਣੇ ਰੰਗਲੇ ਪੰਜਾਬ ਦੀ ਸੰਵੇਦਨਾ ਅਤੇ ਮਾਨਸਿਕਤਾ ਨੂੰ!
“ਕੈਨ ਯੂ ਕੰਮ ਵਿਥ ਮੀ ਟੂ ਦਾ ਕ੍ਰਿਸਮਿਸ ਪਾਰਟੀ?” ਹੈਰੀ ਨੇ ਅਚਾਨਕ ਸਵਾਲ ਕੀਤਾ।
ਸੁਣਦਿਆਂ ਹੀ ਮੇਰੀਆਂ ਨਜ਼ਰਾਂ ਸਾਹਮਣੇ ਮੇਰੀ ਨਿੱਕੀ ਦੀ ਛਵੀ ਆ ਗਈ। ਹਰ ਸੋਮਵਾਰ ਤੋਂ ਸ਼ੁਕਰਵਾਰ ਦੀ ਸ਼ਾਮ ਡੇ-ਕੇਅਰ ਦੀਆਂ ਸਲਾਖਾਂ ਨਾਲ ਲੱਗ ਕਿੰਨੀਂ ਬੇਸਬਰੀ ਨਾਲ ਉਹ ਮੈਨੂੰ ਉਡੀਕਦੀ ਰਹਿੰਦੀ ਹੈ। ਕਿਹੜੇ ਵੇਲੇ ਮਾਂ ਆਵੇਗੀ ਤੇ ਘਰ ਲੈ ਕੇ ਜਾਵੇਗੀ, ਘੁੱਟ ਕੇ ਪਿਆਰ ਕਰੇਗੀ, ਦੋਵੇਂ ਇੱਕਠੀਆਂ ਬਹਿ ਰੋਟੀ ਖਾਵਾਂਗੀਆਂ ਅਤੇ ਸਾਰੇ ਦਿਨ ਦੀ ਵਾਰਤਾ ਇੱਕ ਦੂਜੀ ਨੂੰ ਸੁਣਾਵਾਂਗੀਆਂ। ਨਿੱਕੀ ਰੋਜ਼ ਸ਼ਾਮ ਨੂੰ ਸਕੂਲ ਅਤੇ ਡੇ-ਕੇਅਰ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਸਾਂਗਾਂ ਲਾ ਲਾ ਕੇ ਕਰਦਿਆਂ ਮੈਨੂੰ ਹਸਾਉਂਦੀ ਹੈ ਅਤੇ ਮੇਰੀਆਂ ਆਥਣਾ ਵਿਚ ਸੂਹੇ ਸੂਹੇ ਰੰਗ ਭਰਦੀ ਹੈ।
“ਮੇਰੀ ਟਿਕਟ ਖਰਚੇਗਾ”? ਮੈਂ ਬੇਸ਼ਰਮ ਬਣ ਕੇ ਪੁਛਿਆ।
“ਨਹੀਂ ਟਿਕਟ ਤਾਂ ਮੈਂ ਨਹੀਂ, ਤੈਨੂੰ ਪਤਾ ਹੀ ਹੈ ਕਿ ਟਿਕਟ ਸਵਾ ਸੌ ਡਾਲਰ ਦੀ ਹੈ। ਡਾਉਨ-ਟਾਉਨ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਸੱਤਵੇਂ ਫਲੋਰ ਤੇ… ” ਹੈਰੀ ਨੇ ਹੜਬੜਾ ਕੇ ਜੁਆਬ ਦਿੱਤਾ। ਜਿਵੇਂ ਉਸ ਵਿਚਾਰੇ ਦੀ ਮਾਂ ਹੀ ਮਰ ਗਈ ਹੋਵੇ।
“ਤੈਨੂੰ ਹੇਠਾਂ ਨਾਂ ਸੁੱਟਾਂ ਮੈਂ ਸੱਤਵੇਂ ਫਲੋਰ ਤੋਂ, ਲਗਦਾ ਸੱਤਵੇਂ ਫਲੋਰ ਦਾ”, ਦਫ਼ਾ ਹੋਣਾ, ਨਾਨ-ਪ੍ਰੋਫਿਟ ‘ਚ ਕੰਮ ਕਰਦਾ ਹੈ ਤਾਂ ਇਹ ਹਾਲ ਹੈ ਜੇ ਕਿਧਰੇ ਕਾਰਪੋਰੇਟ ਵਿਚ ਕੰਮ ਕਰਦਾ ਹੁੰਦਾ ਤਾਂ ਇਸ ਦਾ ਕੀ ਬਣਨਾ ਸੀ, ਮੈਂ ਦਿਲ ‘ਚ ਸੋਚਿਆ।
“ਟਿਕਟ ਤਾਂ ਨਹੀਂ ਪਰ ਤੈਨੂੰ ਇੱਕ ਦੋ ਡਰਿੰਕ ਖਰੀਦ ਦੇਵਾਂਗਾ”, ਹੈਰੀ ਨੇ ਫਿਰ ਕੋਸ਼ਿਸ਼ ਕੀਤੀ “ਬਾਰ ਦੋ ਵਜੇ ਤੱਕ ਖੁੱਲ੍ਹਾ ਰਹੇਗਾ”। ਦਾਰੂ ਦਾ ਨਾ ਲੈਂਦਿਆਂ ਹੀ ਹੈਰੀ ਦੀਆਂ ਅੱਖਾਂ ਵਿਚ ਚਮਕ ਆ ਗਈ ਸੀ।
“ਦਫ਼ਾ ਹੋਣਿਆ ਤੂੰ ਚਾਹੇ ਅਗਲੀ ਦੁਪਿਹਰ ਦੇ ਦੋ ਵਜੇ ਤੱਕ ਪੀ”, ਮੈਨੂੰ ਖਿੱਝ ਜਿਹੀ ਆਈ।
“ਪਰ ਮੈਂ ਤਾਂ ਪੀਂਦੀ ਕੋਈ ਨਹੀਂ”, ਮੈਂ ਫਿਰ ਫਾਹ ਵੱਢਿਆ ।
“ਚਲ ਕੋਈ ਨਾਂ, ਆਪਾਂ ਖੂਬ ਡਾਂਸ ਕਰਾਂਗੇ”, ਹੈਰੀ ਨੇ ਆਪਣੇ ਵਲੋਂ ਮਾਰਕੇ ਦੀ ਸਲਾਹ ਦਿੱਤੀ।
” ਮੈਂ ਨੱਚਣਾ ਨਹੀਂ ਜਾਣਦੀ”, ਆਪਣੀ ਮੂੰਗੀ ਸਾਬਤੀ ਦਾਲ ਦਾ ਚਮਚਾ ਭਰਦਿਆਂ ਮੈਂ ਸਾਫ਼ ਕਹਿ ਦਿੱਤਾ।
“ਕੀ ਤੂੰ ਕਦੀ ਕ੍ਰਿਸਮਸ ਪਾਰਟੀ ‘ਤੇ ਨਹੀਂ ਗਈ?” ਹੈਰੀ ਕੁਝ ਕਾਹਲਾ ਜਿਹਾ ਪੈ ਗਿਆ।
“ਗਈ ਹਾਂ, ਗਈ ਕਿਉਂ ਨਹੀਂ, ਵੀਹ ਸਾਲਾਂ ‘ਚ ਕੋਈ ਚਾਲੀ ਕੁ ਕ੍ਰਿਸਮਸ ਪਾਰਟੀਆਂ ਦੇਖ ਲਾਈਆਂ ਨੇ। ਬਥੇਰੇ ਡਰਾਮੇ ਦੇਖ ਲਏ ਨੇ ਮੈਂ ਆਖਿਆ।
“ਨਾਂ ਤੂੰ ਪੀਂਦੀ ਹੈਂ ਨਾਂ ਨੱਚਦੀ ਹੈਂ, ਕਰਨ ਕੀ ਜਾਂਦੀ ਹੈਂ”, ਹੈਰੀ ਨੇ ਮੈਨੂੰ ਉਕਸਾਇਆ।
“ਮੈਂ ਤਾਂ ਬਸ ਫਨ ਕਰਨ ਜਾਂਦੀ ਹਾਂ, ਜਿਹੜੇ ਲੋਕ ਪੀ ਪੀ ਕੇ ਬੇਹਾਲ ਹੋ ਕੇ ਨੱਚਦੇ ਨੇ, ਮੈਂ ਚੁਪਚਾਪ ਉਹਨਾ ਦੀਆਂ ਵੀਡੀਓ ਬਣਾਉਂਦੀ ਹਾਂ। ਮੈਨੂੰ ਬਹੁਤ ਸਵਾਦ ਆਉਂਦਾ ਹੈ ਤੇ ਇਸੇ ਨਾਲ ਮੇਰੀ ਟਿਕਟ ਦਾ ਮੁੱਲ ਵਸੂਲ ਹੋ ਜਾਂਦਾ ਹੈ। ਮੈਂ ਸੱਚੋ-ਸੱਚ ਬੋਲਿਆ।
“ਕਦੀਂ ਵਿਹਲ ਮਿਲੀ ਤਾਂ ਚੁੱਕ ਕੇ ਸਾਰੀਆਂ ਵਿਡੀਉਜ਼ ਯੂ-ਟਿਓਬ ‘ਤੇ ਪਾ ਦੇਵਾਂਗੀ” ਮੈਂ ਨਿਧੜਕ ਹੋ ਕੇ ਆਖਿਆ।
” ਆਈ ਲਾਇਕ ਯੋਅਰ ਸਪਿਰਿਟ, ਅਨੂਪ”, ਹੈਰੀ ਦਾ ਲਾਲ ਚਿਹਰਾ ਪਹਿਲਾਂ ਨਾਲੋਂ ਫਿੱਕਾ ਜਿਹਾ ਹੋ ਗਿਆ।
ਮਨ ਹੀ ਮਨ ਵਿਚ ਮੈਂ ਸੋਚਿਆ “ ਤੂੰ ਮਿਕਡੋੰਲਡ ਦੀਆਂ ਫਰਾਈਆਂ ਖਾ ਖਾ ਕੇ ਛੇ-ਫੁੱਟ ਦਾ ਕਨੇਡੀਅਨ ਸਾਂਢ ਬਣਿਆ ਹੋਇਆਂ ਹੈ, ਤਾਂ ਮੈਂ ਵੀ ਆਪਣੇ ਮੁਲਕ ਦੇ ਤੀਹਾਂ ਖੂਹਾਂ ਦਾ ਨਿੱਤਰਿਆ ਪਾਣੀ ਪੀ ਪੀ ਵੱਡੀ ਹੋਈ ਹਾਂ। ਮੁਲਕ ਬਦਲਿਆ ਹੈ ਜ਼ਮੀਰ ਨਹੀਂ ਵੇਚੀ…ਤੇਰੇ ਵਰਗਿਆਂ ਨਾਲ ਮੈਨੂੰ ਨਜਿਠਣਾ ਆਉਂਦਾ ਹੈ।“
“ਆਈ ਗੋਟ ਟੂ ਗੋ” ਕਹਿ ਮੈਂ ਉਠ ਖਲੋਤੀ “ਸੀ ਯੂ ਲੇਟਰ।”
ਹੈਰੀ ਨੇ ਮੁੜਕੇ ਜਵਾਬ ਨਾ ਦਿੱਤਾ। ਇੰਨੇ ਨੂੰ ਤਾਨੀਆ ਲੰਚ ਰੂਮ ‘ਚ ਆ ਵੜੀ। ਤਾਨੀਆ ਸਾਡੇ ਦਫਤਰ ਵਿਚ ਨਵੀਂ ਆਈ ਹੈ, ਰੂਸੀ ਹੈ, ਲਗਦੈ ਰੱਬ ਨੇ ਵਿਹਲੇ ਬਹਿ ਕੇ ਬਣਾਈ ਹੈ… ਉਸਦੀਆਂ ਹਰੀਆਂ ਅੱਖਾਂ ਤੇ ਗੱਲ੍ਹਾਂ ਦੇ ਟੋਇਆਂ ‘ਚ ਚੰਗੇ ਭਲੇ ਵੀ ਡੁੱਬ ਜਾਂਦੇ ਨੇ। ਮੇਰੇ ਮੈਨੇਜਰ ਦਾ ਵਿਚਾਰ ਹੈ ਕਿ ਤਾਨੀਆ ਇਸ ਨਾਨ- ਪ੍ਰੋਫਿਟ ਸੰਸਥਾ ਵਿਚ ਬਹੁਤ ਸਫਲ ਰਹੇਗੀ।
“ਮੈਰੀ ਕ੍ਰਿਸਮਸ” ਤਾਨੀਆ ਨੇ ਬੜੇ ਹੁਲਾਸ ਨਾਲ ਹੈਰੀ ਨੂੰ ਵਿਸ਼ ਕੀਤੀ ਅਤੇ ਕੁਰਸੀ ਧੂਹ ਕੇ ਉਸ ਕੋਲ ਜਾ ਬੈਠੀ।
ਦਿਲ ਹੀ ਦਿਲ ਵਿਚ ਮੈਂ ਹੈਰੀ ਵਾਸਤੇ ਖੁਸ਼ ਹੋ ਗਈ। ਉਸਨੂੰ ਕ੍ਰਿਸਮਿਸ ਪਾਰਟੀ ਵਾਸਤੇ ਸਾਥਣ ਲੱਭ ਗਈ ਸੀ।
“ਅਨੂਪ ਕੌਰੇ ਤੇਰਾ ਨੋ ਪ੍ਰੋਫਿਟ ਤੇ ਨੋ ਲੌਸ” ਆਪਣੇ ਆਪ ਨਾਲ ਗੱਲਾਂ ਕਰਦੀ ਮੈਂ ਲੰਚ-ਰੂਮ ਚੋਂ ਬਾਹਰ ਆ ਗਈ।
Leave A Reply