ਕਵਿਤਾ
ਮਾਂ ਵਰਗੀ
ਤੂੰ ਪੰਜ ਫੁੱਟ ਅੱਠ ਇੰਚ
ਮੈਂ ਪੰਜ ਫੁੱਟ ਛੇ ਇੰਚ
ਤੇਰੇ ਤੋਂ ਰਤਾ ਕੁ ਛੋਟੀ
ਭੋਰਾ ਕੁ ਲਿੱਸੀ
ਨੀ ਅੰਮੀਏਂ !
ਤੂੰ ਗੋਰੀ ਚਿੱਟੀ
ਚਿੱਟੇ ਦੁੱਧ ਵਰਗੀ
ਸਰਘੀ ਦੀ ਉਜਲੀ ਧੁੱਪ ਜਿਹੀ ….
ਮੈਂ ਸਿਆਮ ਰੰਗੀ
ਸਾਉਲੀ ਜਿਹੀ
ਕਿਸੇ ਵਣ ਬਿਰਖ ਦੀ ਛਾਂ ਵਰਗੀ ….
ਪਰ ਫੇਰ ਵੀ
ਜਿਸ ਬੀਹੀ ਚੋਂ ਲੰਘਾਂ
ਜਿਹੜਾ ਮਿਲਦਾ
ਬਸ ਇਹੋ ਕਹਿੰਦਾ . . . ਮਾਂ ਵਰਗੀ
ਮੇਰੇ ਹਾਸਿਆਂ ‘ਚ ਛਣਕਦੇ ਤੇਰੇ ਹਾਸੇ
ਮੇਰੇ ਦੰਦਾਂ ‘ਚ ਚਮਕਣ ਤੇਰੇ ਮੋਤੀ
ਜਿਹੜਾ ਮਿਲਦਾ ਬਸ ਇਹੋ ਕਹਿੰਦਾ
ਮੇਰੀ ਨੁਹਾਰ ਹੈ ਤੇਰੇ ਵਰਗੀ . . . ਨਿਰੀ ਮਾਂ ਵਰਗੀ
ਮੇਰੀ ਵੀਣੀ ਤੇਰੇ ਹੀ ਵਰਗੀ
ਪਤਲੀ ਜਿਹੀ
ਨਿੱਤ ਬਦਲ ਬਦਲ ਕੇ ਪਾਵਾਂ
ਵੰਗਾਂ ਰੰਗ-ਬਿਰੰਗੀਆਂ
ਠੁਮਕ ਠੁਮਕ ਜਦ ਤੁਰਦੀ ਹਾਂ
ਸਾਰੇ ਕਹਿੰਦੇ
ਮੇਰੀ ਤੋਰ ਹੈ ਤੇਰੇ ਵਰਗੀ . . . ਮੈਂ ਮਾਂ ਵਰਗੀ
ਬੱਤੀਆਂ ਦੀ ਤੂੰ ਛੱਡ ਗਈ ਮੈਨੂੰ
ਤਿੰਨ ਵਰ੍ਹਿਆਂ ਦੀ ਮੈਂ ਕੱਲੀ ਰਹਿ ਗਈ
ਨਾਂ ਮੈਂ ਦੇਖੀ ਨਾ ਭਾਲੀ
ਕਿੱਦਾਂ ਮੰਨਾਂ ਮੈਂ ਤੇਰੇ ਵਰਗੀ … ਨਿਰੀ ਮਾਂ ਵਰਗੀ
ਤੇਰੀ ਮਮਤਾ ਦੀ ਚੂਰੀ ਦਾ
ਭੋਰਾ ਵੀ ਨਹੀਂ ਮੇਰੇ ਲੜ-ਪੱਲੇ
ਨਾਂ ਤੂੰ ਮੇਰੇ ਅਥਰੂ ਪੂੰਝੇ
ਨਾਂ ਹਿੱਕ ਨਾਲ ਹੀ ਲਾਇਆ ਮੈਨੂੰ
ਨਾ ਤੂੰ ਮੇਰੀਆਂ ਮੀਢੀਆਂ ਗੁੰਦੀਆਂ
ਨਾ ਰਿਬਨ ਗੁਲਾਬੀ ਵਾਲਾਂ ਵਿਚ ਟੰਗੇ ….
ਨਹੀ ਚੇਤੇ ਤੇਰੀ ਕੋਈ ਮਿੱਠੜੀ ਲੋਰੀ
ਤਾਰਿਆਂ ਦੀ ਲੋਅ ਵਿਚ ਜੋ ਤੂੰ ਗਾਈ ਹੋਵੇਗੀ ….
ਨਾ ਚੇਤੇ ਕੋਈ ਪਰੀਆਂ ਦੀ ਕਹਾਣੀ
ਲੰਮੀਆਂ ਰਾਤਾਂ ‘ਚ ਸ਼ਾਇਦ
ਕਦੇ ਤੂੰ ਮੈਨੂੰ ਸੁਣਾਈ ਹੋਵੇਗੀ …..
ਮੇਰੀ ਕੋਲ ਤਾਂ ਹੈ ਬਸ
ਤੇਰੀ ਧੁੰਦਲੀ ਜਿਹੀ ਇੱਕ ਤਸਵੀਰ
ਜੋ ਹਰ ਵੇਲੇ ਮੇਰੇ ਨਾਲ ਰਹਿੰਦੀ ਏ
ਤੇਰੀ ਤੇਰ੍ਹਵੀਂ ਦੇ ਭੋਗ ਦਾ
ਇੱਕ ਸੂਚਨਾ-ਪੱਤਰ ਵੀ
ਮੇਰੇ ਦਰਾਜ ਵਿਚ ਮਹਿਫੂਜ਼ ਪਿਆ ਏ
ਮੋਰਨੀਆਂ ਵਾਲੀ ਤੇਰੀ ਚੱਦਰ
ਪਰਾਈ ਛੱਤ ਹੇਠਾਂ ਵੱਟੋ-ਵੱਟ ਪਈ ਏ
ਸ਼ਗਨਾ ਦੇ ਦੋ ਬਾਗ ਤੇਰੇ
ਸੰਦੂਕ ਮੇਰੇ ‘ਚ ਬੰਦ ਪਏ ਨੇ
ਹਾਏ! ਯਾਦਾਂ ਤੇਰੀਆਂ ਦੀ ਅਣਮੁੱਲੀ ਪਟਾਰੀ
ਅੱਜ ਅੱਥਰੂਆਂ ਨਾਲ ਤਰ ਪਈ ਏ ….
ਇੱਕ ਹੱਥ ‘ਚ ਫੜਾਂ
ਜਦ ਹੱਥ ਨਿੱਕੀ ਦਾ
ਦੂਜਾ ਤੈਨੂੰ ਲਭਦਾ ਏ …
ਵਾਹੁੰਦੀ ਹਾਂ ਜਦ ਵਾਲ ਉਸਦੇ
ਮੇਰੇ ਵਾਲਾਂ ਦਾ ਇੱਕ ਲੱਛਾ
ਛੋਹ ਤੇਰੀ ਨੂੰ ਲਰਜ਼ ਉੱਠਦਾ ਏ
ਲਾਵਾਂ ਨਿੱਕੀ ਨੂੰ ਜੱਦ ਸੀਨੇ ਨਾਲ
ਤੇਰਾ ਮੋਹ ਪਿਆਰ
ਉਸ ਵਿਚ ਰਲਿਆ ਲਗਦਾ ਏ ….
ਦਿਲ ਦੇ ਵਰਕੇ ਤੇ ਲਿਖ
ਆਪਣੇ ਅਫਸਾਨੇ
ਹਵਾਵਾਂ ਹੱਥ ਘਲੀਆਂ ਤੈਨੂੰ
ਮੈਂ ਬਰੰਗ ਚਿੱਠੀਆਂ
ਹਾੜਾ ਨੀ! ਅੱਜ ਦਸ ਮੈਨੂੰ
ਕੀ ਤੂੰ ਸੁਰਗਾਂ ‘ਚ ਹੰਡਾਈਆਂ
ਮੇਰੀਆਂ ਹੱਡ-ਬੀਤੀਆਂ ?
ਕੀ ਦਿਲ ਤੇਰਾ ਕੰਬਿਆ ਕਦੇ
ਸੁਣ ਮੇਰੀਆਂ ਸਿਸਕੀਆਂ ?
ਆ ਆਪਣੇ ਮੂੰਹੋਂ ਦੱਸ ਕੇ ਜਾ
ਇੱਕ ਵਾਰੀ ਆ ਕੇ ਗੱਲ ਨਾਲ ਲਾ
ਭੁੱਲੀ ਵਿਸਰੀ ਕੋਈ ਲੋਰੀ ਗਾ
ਦੇਣਾ ਤੂੰ ਹਿਸਾਬ ਬੜਾ ਹੈ
ਆ ਲਾਹ ਦੇ ਅੱਜ ਕਰਜ਼ ਆਪਨੜਾ
ਬਣ ਸ਼ੀਸ਼ਾ ਮੇਰੇ ਮੂਹਰੇ ਖੜ੍ਹ
ਇੱਕ ਵਾਰ ਛੋਹ ਕੇ ਤੈਨੂੰ ਵੇਖਾਂ
ਕਿੰਨੀ ਕੁ ਹਾਂ ਮੈਂ ਮਾਂ ਵਰਗੀ . .. ਕਿੰਨੀ ਕੁ ਹਾਂ ਤੇਰੇ ਵਰਗੀ
ਸਾਰੇ ਕਹਿੰਦੇ ਮਾਂ ਵਰਗੀ !
Leave A Reply