ਦਿਲਰੁਬਾ ਜਿੰਨ
ਪਹਿਲੀ ਜਨਵਰੀ ਦੀ ਸਵੇਰ …. ਸੁੱਤੀ ਪਈ ਨਿੱਕੀ ਨੂੰ ਮੈਂ ਹਲੂਣਾ ਦੇ ਜਗਾਇਆ।
“ਉੱਠ ਜਾ ਹੁਣ ਬੀਬਾ ਮਿਹਰ ਕੌਰੇ, ਗੋਡੇ ਗੋਡੇ ਸੂਰਜ ਚੜ੍ਹ ਆਇਆ, ਉੱਠ ਕੇ ਨਹਾ ਲੈ , ਗੁਰਦਵਾਰੇ ਚੱਲੀਏ”
“ਮੋਮ ਆਈ ਏਮ ਸੋ ਟਾਈਰਡ, ਪਲੀਜ਼ ਲੇੱਟ ਮੀ ਸਲੀਪ ਅੰਨਦਰ ਫਿਊ ਸੈਕਿੰਡਜ”
ਇੰਨਾ ਕਹਿ ਨਿੱਕੀ ਨੇ ਫਿਰ ਪਾਸਾ ਪਲਟਿਆ ਤੇ ਸੌਂ ਗਈ। ਮੈਨੂੰ ਪਤਾ ਸੀ ਕਿ ਇਸ ਦੇ ਫਿਊ ਸੈਕਿੰਡ ਘੰਟਿਆਂ ਵਿਚ ਬਦਲ ਜਾਣੇ ਹਨ। ਪਿੱਛਲੀ ਰਾਤ ਨਿੱਕੀ ਆਪਣੀ ਟੀਨਾ ਮਾਸੀ ਦੇ ਘਰ ਹਾਣ ਦੇ ਬੱਚਿਆਂ ਨਾਲ ਵਾਹਵਾ ਖੇਰੂੰ ਪਾ ਕੇ ਆਈ ਸੀ। ਘਰ ਪਰਤਦਿਆਂ ਹੀ ਸਾਨੂੰ ਇੱਕ ਵੱਜ ਗਿਆ ਸੀ, ਤੇ ਸੋੰਦਿਆਂ ਸੋੰਦਿਆਂ ਤਾਂ ਦੋ ਹੀ ਵੱਜ ਗਏ ਸੀ। ਹੁਣ ਸੱਤ ਵਜੇ ਨਿੱਕੀ ਛਾਲ ਮਾਰ ਕੇ ਉੱਠ ਖਲੋਵੇ, ਇਹ ਇੰਨਾਂ ਸੌਖਾ ਨਹੀਂ ਸੀ। ਖੈਰ ਮੈਂ ਇਹਦੀ ਹੀ ਮਾਂ ਹਾਂ, ਉੱਠਾ ਕੇ ਹੀ ਰਹਾਂਗੀ। ਮੈਂ ਆਪਣਾ ਪੰਜ ਵਰ੍ਹੇ ਪੁਰਾਣਾ ਸੈਲ ਫੋਨ ਚੁੱਕ ਕੇ ਨਿੱਕੀ ਦੇ ਕੰਨ ਲਾਗੇ ਰੱਖ ਦਿੱਤਾ ਤੇ ਵੋਲੂਅਮ ਜਿੰਨੀਂ ਉੱਚੀ ਹੋ ਸਕਦੀ ਸੀ ਕਰ ਦਿੱਤੀ। ਰਾਗੀ ਸਤਿਨਾਮ ਸਿੰਘ ਸੇਠੀ ਜੀ ਆਪਣੀ ਮਿੱਠੀ ਅਵਾਜ਼ ਵਿਚ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਚੁਕੇ ਸਨ।
ਸੁਖਮਨੀ ਮਹੱਲਾ ਪੰਜਵਾਂ… ਸਲੋਕ.. ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ”
“ਉੱਠ ਖਲੋ ਹੁਣ”, “ਸੁੱਖ ਨਾਲ ਸਾਲ ਦਾ ਪਹਿਲਾ ਦਿਨ ਹੈ, ਸੌਂ ਕੇ ਹੀ ਗਵਾਉਣਾ, ਤਿਆਰ ਹੋ ਛੇਤੀ ਛੇਤੀ…. ਲੋਕੀਂ ਤਾਂ ਅੱਜ ਦੇ ਦਿਨ ਦੂਰੋਂ ਦੂਰੋਂ ਗੁਰੂਦਵਾਰੇ ਪਹੁੰਚਦੇ ਨੇ ਤੇ ਸਾਡੇ ਤਾਂ ਗੁਰੂਘਰ ਦੋ ਕਦਮ ਤੇ ਹੈ, ਸਾਨੂੰ ਤਾਂ ਸਭ ਤੋਂ ਪਹਿਲਾਂ ਜਾਣਾ ਚਾਹੀਦਾ ਹੈ”। ਮੈਂ ਪਿਆਰ ਨਾਲ ਝਾੜਿਆ ਤੇ ਨਿੱਕੀ ਉੱਠ ਕੇ ਨਹਾਉਣ ਚਲੀ ਗਈ। ਸੁਖਮਨੀ ਸਾਹਿਬ ਦਾ ਪਾਠ ਲੱਗਾ ਰਿਹਾ। ਇਸੇ ਦੌਰਾਨ ਮੈਂ ਦੋ ਚਾਰ ਦੂਰ-ਨੇੜੇ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਨਵੇਂ ਸਾਲ ਦੀਆਂ ਵਧਾਈਆਂ ਦਾ ਕੰਡਾ ਵੀ ਕੱਢ ਛੱਡਿਆ। ਆਖਿਰ ਟਾਈਮ ਮੈਨੇਜਮੈਂਟ ਵੀ ਕਿਸੇ ਸ਼ੈ ਦਾ ਨਾਂ ਹੈ। ਕਰਦਿਆਂ ਕਰਾਉਂਦਿਆਂ ਗੁਰਦਵਾਰੇ ਪਹੁੰਚਦਿਆਂ ਸਾਨੂੰ ਸਾਢੇ ਨੌਂ, ਪੌਣੇ ਦੱਸ ਵੱਜ ਹੀ ਗਏ। ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀਆਂ ਦੋਵੇਂ ਕਤਾਰਾਂ ਵਾਹਵਾ ਲੰਮੀਆਂ ਲੱਗੀਆਂ ਹੋਈਆਂ ਸਨ।
“ਵਾਓ, ਮੌਮ ਆਈ ਲਵ ਬਾਬਾ ਜੀਜ਼ ਰੁਮਾਲਾ ਸਾਹਿਬ ਟੁਡੇ, ਇਟ ਇਜ਼ ਸੋ ਪ੍ਰਿਟੀ”, ਨਿੱਕੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਝਿਲਮਿਲ ਕਰਦੇ ਰੁਮਾਲਾ ਸਾਹਿਬ ਨੂੰ ਵੇਖ ਖਿੜਖਿੜਾ ਕੇ ਕਿਹਾ।
“ਇੱਕ ਧਰਾਂ ਮੈਂ ਤੇਰੇ ਕੰਨਾ ਲਾਗੇ, ਕਿੰਨੀਂ ਵਾਰ ਸਮਝਾਇਆ ਕਿ ਗੁਰੂਦਵਾਰੇ ਆ ਕੇ ਅੰਗਰੇਜ਼ੀ ਨਹੀਂ ਬੋਲੀਦੀ, ਲੋਕੀਂ ਕੀ ਕਹਿਣਗੇ ਕਿ ਮਾਂ ਨੇ ਆਹ ਅਕਲ ਦਿੱਤੀ ਹੈ”, ਹੌਲੀ ਜਿਹੀ ਨਿੱਕੀ ਦੇ ਕੰਨ ਲਾਗੇ ਜਾ ਇੱਕੋ ਸਾਹੇ ਮੈਂ ਆਪਣਾ ਲੈਕਚਰ ਝਾੜ ਦਿੱਤਾ। ਨਿੱਕੀ ਮੇਰੀਆਂ ਅਜਿਹੀਆਂ ਝਾੜਾਂ ਨੂੰ ਦਿਲ ਤੇ ਨਹੀਂ ਲਾਉਂਦੀ …. ਮੇਰੇ ਤੇ ਗਈ ਹੈ ਬਿਲਕੁਲ। ਮੂੰਹ ਦੂਜੇ ਪਾਸੇ ਕਰ, ਲੰਮੀਆਂ ਕਤਾਰਾਂ ਵਿਚ ਖੜ੍ਹੇ ਸ਼ਰਧਾਲੂਆਂ ਦੀ ਗਿਣਤੀ ਕਰਦਿਆਂ ਉਹ ਅੰਦਾਜ਼ਾ ਜਿਹਾ ਲਾਉਣ ਲੱਗ ਪਈ ਕਿ ਅਜੇ ਸਾਨੂੰ ਬਾਬਾ ਜੀ ਅੱਗੇ ਮੱਥਾ ਟੇਕਣ ਵਿਚ ਹੋਰ ਕਿੰਨੀਂ ਕੁ ਦੇਰ ਲੱਗੇਗੀ। ਆਖਰ ਸਾਡੀ ਵਾਰੀ ਵੀ ਆ ਹੀ ਗਈ । ਹਮੇਸ਼ਾਂ ਵਾਂਗ ਇਸ ਵਾਰ ਫੇਰ ਮੱਥਾ ਟੇਕਦਿਆਂ, ਮੈਂ ਬੜੀ ਕੋਸ਼ਿਸ਼ ਕੀਤੀ ਕਿ ਅੱਜ ਸੱਚੇ ਦਿਲੋਂ ਉਸ ਦਾਤੇ ਦਾ ਸ਼ੁਕਰਾਨਾ ਕਰਨ ਤੇ ਉਸ ਕੋਲੋਂ ਕੁਝ ਨਾ ਮੰਗਾਂ ..ਪਰ ਨਾਂਹ ਨਾਂਹ ਕਰਦਿਆਂ ਵੀ ਮੈਂ ਲਗਦੇ ਹੱਥੀ ਇੱਕ ਦੋ ਮੰਨਤਾਂ ਮੰਗ ਹੀ ਲਈਆਂ। ਫੇਰ ਮੇਰੀ ਨਜ਼ਰ ਗੋਲਕ ਤੇ ਜਾ ਟਿਕੀ ਜਿਥੇ ਕੁਝ ਲੋਕ ਬੜੇ ਰੋਅਬ ਨਾਲ ਇੱਕ ਇੱਕ ਅਮਰੀਕਨ ਡਾਲਰ ਦੇ ਨੋਟ ਚਾੜ੍ਹੀ ਜਾ ਰਹੇ ਸਨ। ਅਜੀਬ ਲੋਕ ਨੇ ਵਾਹਿਗੁਰੂ ਨੂੰ ਵੀ ਝਕਾਵੀੰ ਦੇਣੋਂ ਨਹੀਂ ਹੱਟਦੇ। ਮਨ ਵਿਚ ਸੋਚਿਆ ਭਲਾ ਬਾਬੇ ਨੂੰ ਤੁਹਾਡੀ ਫੋਰਨ ਐਕਸਚੇਂਜ ਨਾਲ ਕੀ ਮਤਲਬ? ਕਨੇਡੀਅਨ ਡਾਲਰ ਦਾ ਸਿੱਕਾ ਭੇਂਟ ਕਰਦਿਆਂ ਇਨ੍ਹਾ ਦਾ ਢਿੱਡ ਦੁਖਦੈ, ਐਵੇਂ ਮੂਰਖ ਬਣਾਉਂਦੇ ਨੇ… ਇੱਕ ਨੇ ਤਾਂ ਇੱਕ ਹੀ ਰਹਿਣਾ, ਸੌ ਦਾ ਨਹੀਂ ਹੋ ਜਾਣਾ। ਝੁਰਦੀ ਹੋਈ ਮੈਂ ਨਿੱਕੀ ਦੇ ਨਾਲ ਬਾਬਾ ਜੀ ਦੀ ਬੀੜ ਦੇ ਨੇੜੇ ਜਿਹੇ ਹੋ ਕੇ ਬੈਠ ਗਈ। ਲੋਕੀਂ ਆਉਂਦੇ ਰਹੇ ਅਤੇ ਆਪੋ ਆਪਣੀ ਪਹੁੰਚ ਅਨੁਸਾਰ ਤਿਲ-ਫੁੱਲ ਭੇਟਾਂ ਕਰਦੇ ਰਹੇ। ਨਿੱਕੀ ਕਦੇ ਆਪਣੇ ਹਾਣ ਦੇ ਨਿਆਣਿਆਂ ਵਲ ਝਾਕਦੀ ਅਤੇ ਕਦੇ ਕੜਾਹ ਪ੍ਰਸ਼ਾਦ ਦੀ ਦੇਗ ਵੱਲ… ਕਦੀਂ ਘੜੀ ਦੀਆਂ ਟਿੱਕ-ਟਿੱਕ ਕਰਦੀਆਂ ਸੂਈਆਂ ਵੱਲ ਬੇਸਬਰੀ ਨਾਲ ਵੇਖਦੀ … ਕਦੇ ਪਰਸ ਕੋਲ ਪਏ ਮੇਰੇ ਸੇੱਲ ਫੋਨ ਉਤੇ ਉਸ ਦੀ ਅੱਖ ਟਿੱਕ ਜਾਂਦੀ। ਬਿਲਕੁਲ ਮੇਰੇ ਵਾਂਗੂੰ… ਹਾਲ ਵਿਚ ਗੂੰਜਦੇ ਰਸਭਰੇ ਕੀਰਤਨ ਨੂੰ ਅਣਸੁਣਿਆ ਕਰ , ਮੈਂ ਮੁੜ-ਮੁੜ ਬੀਬੀਆਂ ਦੇ ਨਵੇਂ ਨਕੋਰ ਸੂਟਾਂ ਨੂੰ ਤਕਦਿਆਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੀ ਰਹੀ ….. ਇਨ੍ਹਾਂ ਵਿਚੋਂ ਕਿਹੜੀ ਹੁਣੇ ਹੁਣੇ ਇੰਡੀਆ ਜਾ ਕੇ ਆਈ ਹੈ, ਕਿਸ ਭਾਗਾਂ ਵਾਲੀ ਨੂੰ ਲੋਕਲ ਹੀ ਕੋਈ ਚੰਗਾ ਦਰਜੀ ਮਿਲ ਗਿਆ ਹੈ ਤੇ ਕਿਸਨੇ ਔਂਨ-ਲਾਈਨ ਸੂਟ ਖਰੀਦਿਆ ਹੈ… ਪਿੰਡ ਦੀ ਹੈ ਜਾਂ ਸ਼ਹਿਰਣ , ਹਮਾਤੜ ਹੈ ਜਾਂ ਟੀਸ਼-ਪੀਸ਼ ਵਾਲੀ … ਸਾਲ ਦੇ ਪਹਿਲੇ ਦਿਨ ਕਿਹੜੀ ਆਪਣੇ ਘਰਵਾਲੇ ਨਾਲ ਲੜ ਕੇ ਆਈ ਹੈ ਅਤੇ ਕਿਹੜੀ ਆਪਣੀ ਕੁਪੱਤੀ ਸੱਸ ਨਾਲ…. ਕੀਰਤਨ ਲਗਾਤਾਰ ਚਲਦਾ ਰਿਹਾ, ਦੀਵਾਨ ਸਜੇ ਰਹੇ ਪਰ ਮੇਰਾ ਦਿਮਾਗ ਨਾ ਚਾਹੁੰਦਿਆਂ ਹੋਇਆ ਵੀ ਲੋਕਾਂ ਨੂੰ ਪਰਖਣ ਦਾ ਓਵਰ ਟਾਈਮ ਕੰਮ ਕਰਦਾ ਰਿਹਾ। ਅਰਦਾਸ ਹੋਈ ਤੇ ਭੋਗ ਪੈ ਗਿਆ। ਬਾਕੀ ਸੰਗਤ ਨਾਲ ਨਿੱਕੀ ਤੇ ਮੈਂ ਵੀ ਪ੍ਰਸ਼ਾਦ ਲੈ ਕੇ ਗੁਰੂਦੁਆਰੇ ਦੀ ਬੇਸਮੈਂਟ ਵੱਲ ਰਵਾਨਾ ਹੋ ਗਈਆਂ… ਆਖਰ ਲੰਗਰ ਵੀ ਤਾਂ ਛੱਕ ਕੇ ਜਾਣਾ ਸੀ।
ਲੰਗਰ ਹਾਲ ਵਿਚ ਪਹੁੰਚ ਕੇ ਅਸੀਂ ਦੋਵੇਂ ਆਪੋ ਆਪਣੀਆਂ ਥਾਲੀਆਂ ਲੈ ਕੇ ਪੰਗਤ ‘ਚ ਜਾ ਬੈਠੀਆਂ। ਨਿੱਕੀ ਦੀ ਥਾਲੀ ਵਿਚ ਬੂੰਦੀ ਦੇ ਰਾਇਤੇ ਅਤੇ ਖੀਰ ਤੋਂ ਇਲਾਵਾ ਕੁਝ ਵੀ ਨਹੀਂ ਸੀ। ਮੈਂ ਪਲੇਟ ਵੇਖ ਕੇ ਹੌਲੀ ਜਿਹੀ ਘੂਰੀ ਵੱਟੀ ਤਾਂ ਨਿੱਕੀ ਨੇ ਝੱਟ ਸਫਾਈ ਦਿੱਤੀ,
“ਮੌਮ, ਮੈਂ ਨਵੇਂ ਸਾਲ ਦੇ ਪਹਿਲੇ ਦਿਨ ਸਿਰਫ ਚਿੱਟੀਆਂ ਚੀਜ਼ਾਂ ਹੀ ਖਾਂਦੀ ਹਾਂ”, ਮਨ ਮਸੋਸ ਕੇ ਮੈਂ ਚੁੱਪ ਕਰ ਗਈ। ਰੱਬੋਂ ਹੀ ਨਿੱਕੀ ਦੇ ਸੱਜੇ ਪਾਸੇ ਆਪਣੀ ਥਾਲੀ ਚੁੱਕ ਕੇ ਇੱਕ ਪੈਂਤੀ ਚਾਲੀ ਸਾਲ ਦੇ ਸਰਦਾਰ ਜੀ ਆ ਬੈਠੇ। ਉਹ ਬੜੀ ਸਪੀਡ ਨਾਲ ਪ੍ਰਸ਼ਾਦੇ ‘ਤੇ ਪ੍ਰਸ਼ਾਦਾ ਛੱਕ ਰਹੇ ਸੀ ਤੇ ਨਾਲੋ-ਨਾਲ ਆਪਣੇ ਬਲਿਊ ਟੂਥ ‘ਤੇ ਕਿਸੇ ਨਾਲ ਗੱਲ ਬਾਤ ਵੀ ਕਰ ਰਹੇ ਸੀ।
“ਯਾਰ ਰਾਤ ਥੋੜ੍ਹੀ ਜ਼ਿਆਦਾ ਹੀ ਹੋ ਗਈ, ਅੱਜ ਸਵੇਰ ਤੋਂ ਤੇਰੀ ਭਰਜਾਈ ਮੇਰੇ ਵਾਸਤੇ ਲੱਸੀ ਬਣਾ ਬਣਾ ਹੰਭ ਗਈ ਹੈ, ਮੂੰਹ ਵੱਟਿਆ ਸੋ ਵੱਖਰਾ… ਖੈਰ ਤੁਸੀਂ ਦੋਵੇਂ ਭਰਾ ਸ਼ਾਮ ਨੂੰ ਛੇ ਕੁ ਵਜੇ ਪਹੁੰਚ ਜਾਇਓ, ਮੇਰਾ ਸਾਲਾ ਇੰਡੀਆ ਤੋਂ ਮੇਰੇ ਵਾਸਤੇ ਦਿਲਰੁਬਾ ਜਿੰਨ ਲੈ ਕੇ ਆਇਆ … ਦੋ ਬੋਤਲਾਂ… ਤੇ ਇੱਕ ਕੋਈ ਨਵੀਂ ਸੰਤਰਾ, ਉਹ ਵੀ ਟਰਾਈ ਕਰਾਂਗੇ… ਅੰਗਰੇਜ਼ੀ ਤੋਂ ਰੋਜ਼ ਹੀ ਪੀਂਦੇ ਹਾਂ, ਯਾਰ ਰੂੜੀ ਮਾਰਕਾ ਪੀਤਿਆਂ ਤਾਂ ਪਤਾ ਨਹੀਂ ਕਿੰਨੇ ਹੀ ਸਾਲ ਹੋ ਗਏ ਨੇ ਸਾਲੇ”
“ਚੰਗਾ ਬਈ ਚੰਗਾ, ਠੀਕ ਹੈ, ਅਸੀਂ ਮੱਛੀ ਲੈ ਆਵਾਂਗੇ”
ਨਾਂ ਬਾਈ ਨਾਂ ਮੱਛੀ ਤਾਂ ਮੈਂ ਆਪ ਹੀ ਤਲਾਂਗਾ ਤੂੰ ਬੱਸ ਚਿਕਨ ਚੁੱਕ ਲਿਆਵੀਂ .. ਚੰਗਾ ਫਿਰ ਚੰਗਾ ਓਕੇ ਓਕੇ”
ਉੱਪਰ ਵਾਲੀ ਮੰਜ਼ਿਲ ਵਿਚ ਸਜੇ ਦੀਵਾਨ ‘ਚ ਢਾਡੀ ਸਿੰਘ ਆਪਣੀ ਬੁਲੰਦ ਤੇ ਬੇਸੁਰੀ ਜਿਹੀ ਅਵਾਜ਼ ਵਿਚ ਸਾਖੀਆਂ ਅਤੇ ਵੀਰਾਂ ਦੀਆਂ ਬਹਾਦਰੀਆਂ ਦੇ ਕਿੱਸੇ ਗਾ ਰਹੇ ਸਨ ਅਤੇ ਹੇਠਾਂ ਲੰਗਰ ਹਾਲ ਵਿਚ ਖੂਬ ਰੌਲਾ-ਗੌਲਾ ਪੈ ਰਿਹਾ ਸੀ।
ਪਰ ਮੇਰੀ ਅਤੇ ਨਿੱਕੀ ਦੀ ਬਿਰਤੀ ਉਸ ਰੱਬ ਦੇ ਬੰਦੇ ਵਲ ਲੱਗੀ ਹੋਈ ਸੀ।। ਜਿੰਨੀਂ ਦੇਰ ਉਹ ਫੋਨ ਉੱਤੇ ਸ਼ਾਮ ਦਾ ਪ੍ਰੋਗਰਾਮ ਬਣਾਉਂਦਾ ਰਿਹਾ, ਨਿੱਕੀ ਮੇਰਾ ਮੂੰਹ ਤਕਦੀ ਰਹੀ ਸੀ। ਮੱਥੇ ‘ਤੇ ਪਏ ਵੱਟਾਂ ਵਿਚੋਂ ਉਸਦੀਆਂ ਗੱਲਾਂ ਦਾ ਅੰਗ੍ਰੇਜ਼ੀ ਤਰਜਮਾ ਲਭਦੀ ਰਹੀ। ਮੇਰੇ ਕੰਨ ਨਾਲ ਲੱਗ ਕੇ ਦੱਬੀ ਜਿਹੀ ਅਵਾਜ਼ ਵਿਚ ਉਸ ਪੁੱਛਿਆ
“ਮੋਮ ਵੱਟ ਇਜ਼ ਦਿਲਰੁਬਾ ਜਿੰਨ?”
“ਕੁਝ ਨਹੀਂ, ਚੁੱਪ ਕਰ ਜਾ ਮਿਹਰ”, ਮੈਂ ਆਪਣੇ ਮੂੰਹ ‘ਤੇ ਉਂਗਲ ਧਰ ਕੇ ਉਸਨੂੰ ਚੁੱਪ ਕਰਨ ਦੀ ਹਦਾਇਤ ਦਿੱਤੀ।
ਲੰਗਰ-ਘਰ ਤੋਂ ਜੋੜਾ-ਘਰ ਤੱਕ ਨਿੱਕੀ ਨੇ ਘੱਟੋ- ਘੱਟ ਦੱਸ ਵਾਰ ਮੈਨੂੰ ਏਹੋ ਸਵਾਲ ਪੁੱਛਿਆ
“ਮਾਮ, ਦਿਲਰੁਬਾ ਜਿੰਨ ਕੀ ਚੀਜ਼ ਹੈ? ਮੈਂ ਦੜ੍ਹ ਵੱਟੀ ਰੱਖੀ।
“ਤੈਨੂੰ ਕਿਹਾ ਨਾ ਚੁੱਪ ਕਰ, ਸਾਰੇ ਸੁਣਦੇ ਨੇ, ਘਰ ਜਾ ਕੇ ਦੱਸਾਂਗੀ”
“ਨੇਵਰ ਮਾਇੰਡ ਮੋਮ, ਆਈ ਕੈਨ ਗੂਗਲ ਇਟ, ਆਈ ਹੈਵ ਟੂ ਨੋਅ, ਇਟ ਇਜ਼ ਬਗਿੰਗ ਮੀ”, ਨਿੱਕੀ ਨੇ ਖਿਝ ਕੇ ਕਿਹਾ ।
ਮਨ ਵਿਚ ਸੋਚਿਆ ਕਿ ਕੀ ਥੁੜ੍ਹਿਆ ਸੀ ਉਸ ਬੰਦੇ ਦਾ ਗੁਰੂ-ਘਰ ਬਗੈਰ, ਦਫ਼ਾ ਹੋਣਾ ਗੁਰਦਵਾਰੇ ਬੈਠਾ ਵੀ ਦਾਰੂ ਨੂੰ ਹੀ ਰੋਂਦਾ ਰਿਹਾ।
ਨਾਲ ਹੀ ਨਾਲ ਮੇਰੇ ਮਨ ਵਿਚ ਇਹ ਖਿਆਲ ਵੀ ਆਇਆ ਕਿ ਭਲਾ ਮੇਰਾ ਵੀ ਕੀ ਥੁੜ੍ਹਿਆ ਸੀ ਜੋ ਸਵੇਰ-ਸਾਰ ਸੁੱਤੀ ਪਈ ਨਿੱਕੀ ਨੂੰ ਜਗਾਇਆ, ਅਖੇ ਚੱਲ ਗੁਰੁਦਵਾਰੇ ਚੱਲੀਏ। ਕੀ ਗੱਲ ਰੱਬ ਘਰ ਨਹੀਂ ਮਿਲਦਾ? ਇਸ ਤੋਂ ਚੰਗਾ ਤਾਂ ਟੀਵੀ ‘ਤੇ ਬਾਬੇ ਰਾਮਦੇਵ ਦੇ ਯੋਗ ਅਭਿਆਸੀ ਕਰਿਸ਼ਮੇ ਹੀ ਵੇਖ ਲੈਂਦੀ, ਜਾਂ ਫੁੱਲਾਂ ਦੇ ਆਸਣ ‘ਤੇ ਸੋਹਣੀਆਂ ਸੋਹਣੀਆਂ ਨੌਜਵਾਨ ਕੁੜੀਆਂ ਵਿਚ ਘਿਰੇ ਬੈਠੇ ਕਿਸੇ ਬਾਬੇ ਦੇ ਅਲੌਕਿਕ ਚਮਤਕਾਰ ਵੇਖ ਲੈਂਦੀ। ਹੋਰ ਕੁਝ ਨਹੀਂ ਤਾਂ ਇੰਡੀਆ ਦੀ ਕੋਈ ਅਲੋਕਾਰ ਬ੍ਰੇਕਿੰਗ ਨਿਊਜ਼ ਹੀ ਵੇਖ ਲੈਂਦੀ ਜਿਸ ਵਿਚ ਕਿਸੇ ਤੀਹਾਂ ਵਰ੍ਹਿਆਂ ਦੀ ਤੀਵੀਂ ਨੂੰ ਪਿਛਲੇ ਜਨਮ ਵਿਚ ਝਾੰਸੀ ਦੀ ਰਾਣੀ ਹੋਣ ਦਾ ਅੰਤਰੀਵ ਗਿਆਨ ਪ੍ਰਾਪਤ ਹੋਇਆ ਸੀ। ਨਵੇਂ ਸਾਲ ਦੇ ਪਹਿਲੇ ਦਿਨ ਘੱਟੋ-ਘੱਟ ਮੈਂ ਖੁੱਲ੍ਹ ਕੇ ਹੱਸ ਤਾਂ ਲੈਂਦੀ।
ਘਰ ਪਹੁੰਚਦਿਆਂ ਹੀ ਨਿੱਕੀ ਕੰਮਪੀਊਟਰ ਵੱਲ ਦੌੜ ਪਈ। ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਦਿਲਰੁਬਾ ਜਿੰਨ ਦੇ ਅਰਥ ਦੱਸਾਦੀ, ਉਸਦੀ ਹੁਲਾਸ ਭਰੀ ਆਵਾਜ਼ ਬੇਸਮੈਂਟ ਦੀ ਛੱਤ ਨੂੰ ਜਾ ਟਕਰਾਈ,
“ਫੋਉੰਡ ਇਟ”
ਮੈਂ ਆਪਣੇ ਆਪ ਨੂੰ ਕੋਸਦਿਆਂ ਦਿਲ ਵਿਚ ਕਿਹਾ ਕਿ ਕਿਓਂ ਮੈਂ ਸਵੇਰਸਾਰ ਇਸਨੂੰ ਜਗਾਇਆ,
Leave A Reply