ਕਹਾਣੀ
ਤੇਰਾ ਪਿੰਡ ਕਿਹੜਾ ਹੈ?
ਇੰਡੀਆ ਤੋਂ ਕਨੇਡਾ ਆਇਆਂ ਅਜੇ ਮੇਰਾ ਪਹਿਲਾ ਦਿਨ ਹੀ ਸੀ। ਨਵੇਂ ਬਣੇ ਅਜਨਬੀ ਸਾਕ-ਸੰਬੰਧੀਆਂ ਦੇ ਝੁਰਮਟ ਵਿਚ ਮੇਰਾ ਸਾਹ ਘੁੱਟ ਰਿਹਾ ਸੀ। ਚਾਰ ਚੁਫੇਰਿਓਂ ਭਿੰਨ-ਭਿੰਨ ਤਰ੍ਹਾਂ ਤੇ ਸਲਾਹ-ਮਸ਼ਵਰੇ ਮੇਰੇ ਕੰਨਾ ਵਿਚ ਗੋਲੀ ਵਾਂਗ ਗੂੰਜ ਰਹੇ ਸਨ।
“ਚੂੰਢੀ ਭਰਨ ਜੋਗਾ ਮਾਸ ਵੀ ਨਹੀਂ ਏਹਦੇ ਪਿੰਡੇ ‘ਤੇ, ਥੋੜ੍ਹੀ ਸਿਹਤ ਬਣਾਂ, ਇਸ ਪਿੰਜਰ ਵਰਗੇ ਹੱਡਾਂ ਨਾਲ ਇਥੇ ਕੰਮ ਨਹੀਂ ਹੋਣਾ ਤੈਥੋਂ।” ਕਿਸੇ ਰਿਸ਼ਤੇਦਾਰ ਦੀ ਨਨਾਣ ਦੇ ਮੁੰਡੇ ਦੀ ਸੱਸ ਦੀ ਦਦੇਸ ਦੀ ਭਰਜਾਈ ਦੀ ਕੁੜਮਣੀ ਨੇ ਸਲਾਹ ਦਿੱਤੀ।
“ਕੰਮ? ਕੰਮ ਕਿਹੜੀ ਗੱਲੋਂ, ਅਜੇ ਹੁਣੇ ਤਾਂ ਮੈਂ ਆਈ ਹਾਂ, ਮੇਰੀ ਉਮਰ ਹੀ ਕੀ ਹੈ, ਕੰਮ ਕਰਨ ਨੂੰ ਤਾਂ ਸਾਰੀ ਜ਼ਿੰਦਗੀ ਪਈ ਹੈ, ਮੈਂ ਤਾਂ ਅਜੇ ਹੋਰ ਪੜ੍ਹਨਾ ਹੈ, ਘੱਟੋ-ਘੱਟ ਇੱਕ ਪੀ. ਐਚ. ਡੀ. ਤਾਂ ਕਰਨੀ ਹੀ ਕਰਨੀ ਹੈ।” ਮੈਂ ਮਨ ਹੀ ਮਨ ਸੋਚਿਆ ਪਰ ਆਪਣੇ ਚਿਹਰੇ ਦੀ ਮੁਸਕਾਨ ਨੂੰ ਫਿੱਕਾ ਨਾ ਪੈਣ ਦਿੱਤਾ।
“ਬੇਬੀ ਵੀ ਜਲਦੀ ਲੈ ਆਉ ਪੁੱਤਰ ਜੀ, ਬਹੁਤੀ ਦੇਰ ਚੰਗੀ ਨਹੀਂ ਹੁੰਦੀ।” ਇੱਕ ਮਾਈ ਨੇ ਖੰਘਦੇ ਹੋਇਆ ਆਪਣਾ ਹੁਕਮ ਸੁਣਾਇਆ।
“ਲਓ ਕਰ ਲੋ ਗੱਲ, ਅਜੇ ਤਾਂ ਮੇਰਾ ਜੇੱਟ-ਲੈਗ ਹੀ ਨਹੀਂ ਉੱਤਰਿਆ।” ਵੈਸੇ ਵੀ ਨਿਮਾਣਾ ਜਿਹਾ ਬੇਬੀ ਹਲਵਾਈ ਦੀ ਦੁਕਾਨ ਤੋਂ ਚੁੱਕ ਕੇ ਲਿਆਉਣੋ ਤਾਂ ਮੈਂ ਰਹੀ। ਅੰਦਰ-ਖਾਤੇ ਦੰਦ ਮੈਂ ਪੀਸੇ।
“ਵਾਲ ਬਹੁਤ ਭਾਰੇ ਨੇ, ਪਰ ਮੂੰਹ ਤਾਂ ਦਿਸਦਾ ਹੀ ਨਹੀਂ ਤੇਰਾ ਕੁੜੀਏ।” ਇੱਕ ਖਰ੍ਹਵੀ ਜਿਹੀ ਅਵਾਜ਼ ਆਈ।
“ਫੋਟੋ ਵਿਚ ਤਾਂ ਬਹੁਤ ਗੋਰੀ ਚਿੱਟੀ ਦਿਸਦੀ ਸੀ, ਰੰਗ ਤਾਂ ਕਾਫੀ ਸਾਉਲਾ ਹੈ।” ਇੱਕ ਹੋਰ ਖੁਰਦਰੀ ਜਿਹੀ ਅਵਾਜ਼ ਉੱਠੀ।
“ਕੋਈ ਨਾ ਹੁਣ ਕਨੇਡਾ ਆ ਗਈ ਏ, ਰੰਗ ਵੀ ਹੌਲੀ ਹੌਲੀ ਨਿਖਰ ਆਵੇਗਾ।” ਮੇਰੇ ਨਾਲ ਬੈਠੀ ਉੱਚੇ ਦੰਦਾ ਵਾਲੀ ਬੀਬੀ ਨੇ ਮੈਨੂੰ ਅਤੇ ਆਪਣੇ ਆਪ ਨੂੰ ਇੱਕ ਝੂਠੀ ਜਿਹੀ ਤੱਸਲੀ ਦਿੱਤੀ।
ਮੇਰੇ ਅੰਦਰ ਬੈਠੀ ਬਾਈ ਵਰ੍ਹਿਆਂ ਦੀ ਕੁੜੀ ਸੁਪਨੀਲੀਆਂ ਅੱਖਾਂ ਥਾਣੀ ਆਪਣੇ ਜਹਿਰ-ਮੌਹਰੇ ਰੇਸ਼ਮੀ ਸੂਟ ‘ਤੇ ਪਏ ਵੱਟਾਂ ਵਿਚੋਂ ਕਿਸੇ ਪੱਧਰੇ ਰਾਹ ਦੀ ਤਲਾਸ਼ ਕਰਨ ਲਗੀ।
“ਬੀਬਾ ਜੀ, ਤੁਹਾਡਾ ਪਿੰਡ ਕਿਹੜਾ ਹੈ?” ਅਚਨਚੇਤ ਦੂਰ ਕਿਸੇ ਖੂੰਜੇ ਵਿਚੋਂ ਕਿਸੇ ਨੇ ਸਵਾਲ ਪਾਇਆ ।
ਦਿਲ ਕੀਤਾ ਕਹਿ ਦੇਵਾਂ “ਨਾ, ਹੁਣ ਤੁਸੀਂ ਮੇਰੇ ਪਿੰਡ ਤੋਂ ਕੀ ਲੈਣਾ ਹੈ, ਹੋਰ ਕਿਹੜੀ ਰਿਸ਼ਤੇਦਾਰੀ ਕਢਣੀ ਜੇ ਭਲਿਓ ਲੋਕੋ? ਮੈਂ ਤਾਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਰਿਵਾਰ ‘ਚ ਆ ਰਲੀ ਹਾਂ।” ਪਰ ਮੈਂ ਦੜ੍ਹ ਵੱਟੀ ਰਖੀ।
ਅਸਲ ਵਿਚ ਮੈਨੂੰ ਵੀ ਨਹੀਂ ਸੀ ਪਤਾ ਕਿ ਮੇਰਾ ਪਿੰਡ ਕਿਹੜਾ ਹੈ। ਨਾਂ ਮੇਰੇ ਪਿਤਾ ਜੀ ਦੀਆਂ ਜ਼ਮੀਨਾ, ਨਾਂ ਕਿੱਲੇ, ਨਾਂ ਪਾਣੀ ਦੀ ਵਾਰੀ, ਨਾ ਉਨ੍ਹਾਂ ਕੋਲ ਕੋਈ ਦੋਨਾਲੀ ਸੀ ਤੇ ਨਾਂ ਹੀ ਰਾਹਦਾਰੀਆਂ ਦੇ ਚੱਕਰ। ਨਾ ਮੇਰੇ ਸ਼ਹਿਰੀਏ ਪਿਤਾ ਜੀ ਨੇ ਕਦੀਂ ਕਿਸੇ ਪਿੰਡ ਨੂੰ ਆਪਣਾ ਕਿਹਾ, ਨਾਂ ਹੀ ਮੇਰੇ ਭਰਾਵਾਂ ਨੇ। ਪਿੰਡ ਤਾਂ ਮੇਰੇ ਨਾਲ ਪੜ੍ਹਦੀਆਂ ਹੁੰਦਲਹੇੜ ਸਹੇਲੀਆਂ ਦੇ ਸਨ ਜੋ ਹੋਸਟਲ ਵਿਚ ਰਹਿੰਦੀਆਂ ਸਨ। ਉਨ੍ਹਾਂ ਦੇ ਹੋਸਟਲ ਦੇ ਕਮਰਿਆਂ ਵਿਚ ਅਸੀਂ ਖੂਬ ਖੇਰੂੰ ਪਾਂਦੀਆਂ ਸਾਂ। ਉਨ੍ਹਾਂ ਤੋਂ ਹੀ ਮੈਂ ਪਿੰਡਾ ਦੇ ਕਿੱਸੇ-ਕਹਾਣੀਆਂ ਸੁਣਦੀ ਸਾ। ਪੰਜਾਲੀ, ਵੱਟ, ਖਾਲ, ਢਾਕ, ਜੁਗਾਲੀ ਵਰਗੇ ਹੈਵੀ ਡਿਊਟੀ ਲਫ਼ਜ਼ ਉਨ੍ਹਾਂ ਤੋਂ ਹੀ ਸੁਣੇ ਸਨ । ਉਹ ਗਿੱਧਾ ਪਾਉਂਦੀਆਂ ਤਾਂ ਧਰਤੀ ਹਿਲ ਜਾਂਦੀ। ਉਨ੍ਹਾਂ ਨਾਲ ਰਹਿ ਕੇ ਵੀ ਮੌਨੂੰ ਕਦੇ ਪੈਰ ਚੁੱਕਣਾ ਨਾ ਆਇਆ। ਪਿੰਡਾ ਵਾਲੀਆਂ ਇਹ ਮੇਰੀਆਂ ਸਹੇਲੀਆਂ ਭੈਣਾ ਖੁੱਲ੍ਹ ਕੇ ਜਿਊਂਦੀਆਂ ਸਨ। ਤੜਕਸਾਰ ਟੋਸਟ ਜਾਂ ਦਲੀਏ ਦੀ ਥਾਂ ਦੇਸੀ ਘਿਓ ਦੀ ਪਿੰਨੀ ਤੇ ਭੁੱਗਾ ਕਿਵੇਂ ਖਾਈਦਾ ਹੈ, ਇਸਦਾ ਪਤਾ ਵੀ ਮੈਨੂੰ ਇਨ੍ਹਾਂ ਤੋਂ ਹੀ ਲੱਗਿਆ ਸੀ । ਪਰ ਮੈਂ ਕਦੇ ਕਿਸੇ ਸਹੇਲੀ ਨਾਲ ਉਸਦੇ ਪਿੰਡ ਨਹੀਂ ਗਈ। ਮੇਰੇ ਵੀਰ ਮੈਨੂੰ ਜਾਣ ਨਹੀਂ ਦਿੰਦੇ ਸਨ। ਸਾਡੇ ਘਰ ਪਿੰਡੋਂ ਕੋਈ ਕਾਮਾ ਸਿਰ ਤੇ ਸਰੋਂ ਦੀ ਪੰਡ ਜਾਂ ਕਣਕ ਦੀ ਬੋਰੀ ਚੁੱਕ ਕੇ ਨਹੀਂ ਸੀ ਆਇਆ ਅਤੇ ਨਾਂ ਹੀ ਫ਼ਜਰ ਵੇਲੇ ਸਾਡੇ ਘਰ ਲੱਸੀ ਬੋਹਲੀ ਹੀ ਆਉਂਦੀ ਸੀ। ਜੱਦ ਮੇਰਾ ਕੋਈ ਪਿੰਡ ਹੀ ਨਹੀਂ ਤਾਂ ਮੈਂ ਪਿੰਡਾਂ ਦੀ ਰੂਹ ਕਿਵੇਂ ਪਛਾਣਦੀ। ਮੈਨੂੰ ਤਾਂ ਪਿੰਡਾ ਬਾਰੇ ਬੱਸ ਇੰਨੀ ਕੁ ਹੀ ਸਮਝ ਸੀ ਕਿ ਪਿੰਡਾ ਵਾਲੇ ਲੋਕ ਬਹੁਤ ਰਈਸ ਹੁੰਦੇ ਨੇ। ਮੇਰੇ ਪਿਤਾ ਜੀ ਦੀ ਕੋਈ ਜੱਦੀ ਜਾਇਦਾਦ ਨਹੀਂ ਸੀ। ਸਿਰਫ ਸਰਕਾਰ ਦੀਆਂ ਦਿੱਤੀਆਂ ਚਾਰ ਕੁ ਵਰਦੀਆਂ, ਦੋ ਗਰਮੀਆਂ ਦੀਆਂ ਤੇ ਦੋ ਸਰਦੀਆਂ ਦੀਆਂ, ਗਿਣਤੀ ਤੇ ਕੁਝ ਸਰਕਾਰੀ ਤਗਮੇ, ਇੱਕ ਪੁਰਾਣੀ ਸ਼ਤਰੰਜ, ਇੱਕ ਛੇ-ਫੁੱਟ ਦਾ ਗ੍ਰੈੰਡ ਫਾਦਰ ਕਲਾਕ, ਦਾਦਾਜੀ ਦਾ ਇੱਕ ਨਵਾਰੀ ਪਲੰਘ, ਕੁਝ ਰੂਸੀ, ਫ਼ਾਰਸੀ, ਅੰਗ੍ਰੇਜ਼ੀ, ਪੰਜਾਬੀ, ਉਰਦੂ ਅਦਬ ਦੀਆਂ ਕਿਤਾਬਾਂ। ਵੈਸੇ ਵੀ ਮੈਨੂੰ ਇੰਡੀਆ ਵਿਚ ਕਦੇ ਕਿਸੇ ਨੇ ਨਹੀਂ ਸੀ ਪੁੱਛਿਆ ਕਿ ਬੀਬਾ ਤੇਰਾ ਪਿੰਡ ਕਿਹੜਾ ਹੈ?
“ਪੁੱਤ, ਪਿੰਡ ਦਾ ਨਾਂ ਚੇਤੇ ਨਾਲ ਆਪਣੇ ਭਰਾਵਾਂ ਤੋਂ ਪੁੱਛ ਲਵੀਂ, ਗੁਰਦਵਾਰੇ ਵੀ ਸਭਨਾ ਨੇ ਪੁੱਛਣਾ ਹੈ।” ਮੇਰੀ ਉਲਝਣ ਨੂੰ ਤਾੜਦਿਆਂ ਇੱਕ ਬੀਬੀ ਨੇ ਨੱਕ ਸੁਣਕ ਕੇ ਮੈਨੂੰ ਹਦਾਇਤ ਕੀਤੀ।
ਮੈਂ ਵੀ ਹਾਂ ਵਿਚ ਸਿਰ ਹਿਲਾ ਕੇ ਆਪਣੇ ਚਿੱਟੇ-ਚਿੱਟੇ ਦੰਦ ਦਿਖਾ ਛੱਡੇ। ਇੰਨਾਂ ਜਬਰ ਤਾਂ ਮੇਰੇ ਪ੍ਰੋਫੈਸਰ ਨਹੀਂ ਸੀ ਕਰਦੇ, ਉਹ ਵੀ ਸਾਨੂੰ ਸਾਡੇ ਹਾਲ ‘ਤੇ ਛੱਡ ਦਿੰਦੇ ਸੀ। ਨੀਵੀਂ ਪਾਈ ਮੈਂ ਹੌਲੀ ਹੌਲੀ ਹੁੰਗਾਰੇ ਭਰਦੀ ਰਹੀ। ਜੇ ਜ਼ੁਬਾਨ ਖੋਲ੍ਹ ਕੇ ਦਿਲ ਦੀ ਗੱਲ ਕਹਿ ਦਿੰਦੀ ਤਾਂ ਸ਼ਾਇਦ ਸਵਰਗਾਂ ਵਿਚ ਵਸਦੇ ਮੇਰੇ ਪਿਤਾ ਜੀ ਨੂੰ ਵੀ ਧੱਕਾ ਲੱਗਣਾ ਸੀ। ਉਨ੍ਹਾਂ ਨੇ ਇਹੀ ਸਿਖਾਇਆ ਸੀ ਕਿ ਸੁਣ ਪਰਖ ਕੇ ਹੀ ਆਪਣਾ ਮੂੰਹ ਖੋਲ੍ਹੋ।
ਸਵਾਲਾਂ ਦਾ ਇਹ ਸਿਲਸਿਲਾ ਦੇਰ ਰਾਤ ਤੱਕ ਚਲਦਾ ਰਿਹਾ। ਨਵੇਂ ਬਣੇ ਰਿਸ਼ਤੇਦਾਰ ਮੈਨੂੰ ਦੇਖਣ ਆਉਂਦੇ ਰਹੇ। ਸਮੋਸਿਆਂ, ਪਕੌੜਿਆਂ ਤੋਂ ਬਾਦ ਦਾਲ ਮੱਖਣੀ, ਬਟਰ ਚਿਕਨ ਦੇ ਦੌਰ ਚਲਦੇ ਰਹੇ, ਬੋਤਲਾਂ ਦੇ ਡੱਕ ਖੁਲ੍ਹਦੇ ਰਹੇ। ਜਿਵੇਂ ਇੰਡੀਆ ਤੋਂ ਨਵੀਂ ਨੂੰਹ ਨਹੀਂ ਕੋਈ ਤਹਿਸੀਲਦਰ ਆਇਆ ਹੋਵੇ। ਇਹ ਕਨੇਡਾ ਵਾਲੇ ਤਾਂ ਬਹੁਤ ਹੀ ਭੁੱਖੇ ਨੇ, ਵੇਖ ਵੇਖ ਮੈਂ ਦਿਲ ਦਿਲ ਹੀ ਦਿਲ ਵਿਚ ਝੁਰਦੀ ਰਹੀ। ਮੈਨੂੰ ਦੁਪਿਹਰ ਦੇ-ਢਾਈ ਕੁ ਵਜੇ ਜਿਸ ਕੁਰਸੀ ਤੇ ਬਿਠਾਇਆ ਗਿਆ ਸੀ, ਮੋਈ ਮੱਖੀ ਵਾਂਗ ਮੈਂ ਉਸੇ ਕੁਰਸੀ ‘ਤੇ ਘੰਟਿਆਂ ਬਧੀ ਬੈਠੀ ਰਹੀ। ਮੇਰੇ ਅੰਦਰ ਸਮਾਧੀ ਲਾਕੇ ਬੈਠੀ ਬਾਈ ਵਰ੍ਹਿਆਂ ਦੀ ਅਨਭੋਲ ਕੁੜੀ ਨੂੰ ਪਤਾ ਨਹੀਂ ਸੀ ਕਿ ਮੇਰੇ ਪਿੰਡ ਦੇ ਨਾਂ ਦੀ ਪੁੱਛ-ਗਿੱਛ ਦਾ ਸਿਲਸਿਲਾ ਅਜੇ ਸ਼ੁਰੂ ਹੀ ਹੋਇਆ ਹੈ, ਮੁੱਕਿਆ ਨਹੀਂ।
ਉਸ ਦਿਨ ਤੋਂ ਮਗਰੋਂ ਮੈਂ ਜਦੋਂ ਵੀ ਵੈਨਕੂਵਰ ਕਿਸੇ ਵੀ ਪੰਜਾਬੀ ਭਾਈਚਾਰੇ ਦੇ ਇੱਕਠ ਵਿਚ ਸ਼ਾਮਿਲ ਹੋਈ, ਰਿਸ਼ੇਤਾਦਾਰਾਂ ਸ਼ਰੀਕਾਂ ਵਿਚ ਸਭ ਤੋਂ ਪਹਿਲਾਂ ਇਹੋ ਸਵਾਲ ਕਰਦਾ,
“ਬੀਬਾ, ਤੁਹਾਡਾ ਪਿੰਡ ਕਿਹੜਾ ਹੈ?”
“ਪੁੱਤ, ਤੇਰੇ ਪਿੰਡ ਦਾ ਕੀ ਨਾਉਂ ਹੈ?”
ਗਰੋਸਰੀ ਸਟੋਰਾਂ ਵਿਚ ਕੰਮ ਕਰਦੀਆਂ ਪੰਜਾਬਣਾ, ਹਸਪਤਾਲਾਂ ਵਿਚ ਲੱਗੇ ਪੰਜਾਬੀ ਕਰਮਚਾਰੀ, ਦੇਸੀ ਬੱਸ ਡਰਾਇਵਰ, ਟੈਕਸੀ ਚਾਲਕ ਵੀ ਸ਼ੀਸ਼ਾ ਸੈਟ ਕਰਦੇ ਕਰਦੇ ਪੁੱਛਣ ਤੋਂ ਨਾਂ ਗੁਰੇਜ਼ ਕਰਦੇ।
“ਪੰਜਾਬੀ ਲੱਗਦੇ ਹੋ, ਜੀ ਤੁਹਾਡਾ ਪਿੰਡ ਕਿਹੜਾ ਹੈ”?
ਬਰਾਦਰੀ ਵਿਚ ਕਿਸੇ ਦਾ ਸੋਗ, ਵ੍ਰੀਹਣਾ, ਚੌਥਾ, ਤੇਰਵੀਂ ਹੋਵੇ, ਲੋਕ ਰੋਂਦੇ ਪਿੱਟਦੇ ਤੇ ਨੱਕ ਪੂੰਝਦੇ ਵੀ ਪੜਤਾਲ ਕਰ ਹੀ ਲੈਂਦੇ,
“ਬੀਬਾ, ਤੇਰਾ ਪਿੰਡ ਕਿਹੜਾ ਹੈ?”
ਵਿਆਹ- ਸ਼ਾਦੀਆਂ, ਪਾਰਟੀਆਂ ਦੇ ਮੌਕੇ ਉਤੇ ਵਾਸ਼ਰੂਮਾਂ ਦੇ ਸ਼ੀਸ਼ੇ ਦੇ ਨਾਲ ਚਿਪਕੀਆਂ ਮੇਰੀਆਂ ਹਮ-ਉਮਰ ਤੀਵੀਆਂ ਆਪਣੇ ਮੂੰਹ ਲੇਪਦਿਆਂ ਵੀ ਸਵਾਲ ਕਰਨੋਂ ਬਾਜ ਨਾ ਆਉਂਦੀਆਂ,
“ਭੈਣ, ਤੇਰਾ ਪਿੰਡ ਕਿਹੜਾ ਹੈ?”
ਮੈਂ ਮਹਿਸੂਸ ਕੀਤਾ ਕਿ ਕਨੇਡਾ ਵਿਚ ਰਹਿ ਕੇ ਕਨੇਡੀਅਨ ਸਿਟੀਜਨਸ਼ਿਪ ਇੰਨੀਂ ਜਰੂਰੀ ਨਹੀਂ, ਜਿੰਨਾ ਮੇਰੇ ਲਈ ਮੇਰੇ ਪਿੰਡ ਦਾ ਨਾਂ। ਮੈਂ ਹਰ ਵਾਰ ਸੜੀ-ਭੁੱਜੀ ਹੌਲੀ ਜਹੀ ਕਹਿ ਦਿੰਦੀ ਕਿ ਮੇਰਾ ਕੋਈ ਪਿੰਡ ਨਹੀਂ, ਮੈਂ ਖਾਸ ਅੰਮ੍ਰਿਤਸਰ ਤੋਂ ਹਾਂ। ਅੱਗੋਂ ਪਰਤਵੇਂ ਜਵਾਬ ਆਉਂਦੇ,
” ਹੋ, ਹਾਏ, ਨੀਂ ਮੈਂ ਮਰ ਜਾਵਾਂ। “
” ਨਾ ਭਲਾ ਇਹ ਕੀ ਗੱਲ ਹੋਈ, ਕੋਈ ਤਾਂ ਪਿੰਡ ਜਰੂਰ ਹੋਣਾ ਤੇਰਾ।”
“ਲੈ, ਅੰਮ੍ਰਿਤਸਰ ਵੀ ਕੋਈ ਪਿੰਡ ਹੋਇਆ, ਉਹ ਤਾਂ ਸ਼ਹਿਰ ਹੈ, ਸਾਨੂੰ ਪਤਾ ਨਹੀਂ ਜਿਵੇਂ। “
ਫੇਰ ਮੈਨੂੰ ਵੈਨਕੂਵਰ ਦੀ ਹਰ ਦਰੋ-ਦੀਵਾਰ ਉੱਤੇ ਏਹੋ ਸੁਆਲ ਉਕਰਿਆ ਨਜ਼ਰ ਆਉਣ ਲੱਗ ਪਿਆ,
“ਅਨੂਪ ਕੁਰੇ, ਤੇਰਾ ਪਿੰਡ ਕਿਹੜਾ ਹੈ?”
ਉਨ੍ਹਾਂ ਦਿਨਾ ਵਿਚ ਮੇਰਾ ਨਿੱਕਾ ਵੀਰ ਨਿਊ ਯਾਰਕ ਰਹਿੰਦਾ ਸੀ। ਇੱਕ ਦਿਨ ਗੱਲਾਂ-ਗੱਲਾਂ ਵਿਚ ਮੈਂ ਆਪਣੀ ਸਾਰੀ ਵਿਥਿਆ ਉਸਨੂੰ ਕਹਿ ਸੁਣਾਈ।
“ਲੈ ਇਹ ਕਿਹੜੀ ਵੱਡੀ ਗੱਲ ਹੈ, ਕਿਸੇ ਵੀ ਪਿੰਡ ਦਾ ਨਾਂ ਲੈ ਦਿਆ ਕਰ, ਲੋਕਾਂ ਨੇ ਕਿਹੜੀਆਂ ਤੇਰੇ ਨਾਲ ਜ਼ਮੀਨਾ ਵੰਡਣੀਆਂ।” ਉਸਨੇ ਹੱਸ ਕੇ ਕਿਹਾ।
ਵੀਰ ਦਾ ਇਹ ਟੋਟਕਾ ਮੈਨੂੰ ਬਹੁਤ ਰਾਸ ਆਇਆ। ਉਸ ਦਿਨ ਮਗਰੋਂ ਜਦ ਵੀ ਕੋਈ ਮੈਨੂੰ ਮੇਰੇ ਪਿੰਡ ਦਾ ਨਾਂ ਪੁੱਛਦਾ ਤਾਂ ਮੈਂ ਕਿਸੇ ਨਾ ਕਿਸੇ ਪਿੰਡ ਦਾ ਨਾਂ ਲੈ ਕੇ ਆਪਣਾ ਖਹਿੜਾ ਛੁੜਾ ਲੈਂਦੀ। ਸਾਹ ਆਉਣੇ ਥੋੜ੍ਹੇ ਸੌਖੇ ਹੋ ਗਏ। ਵੀਰ ਨੇ ਅਮਰੀਕਾ ਵਿਚ ਨਿੱਕੀ ਉਮਰੇ ਇੱਕਲੇ ਰਹਿ ਕੇ ਦੁਨੀਆਂ ਦੇ ਬਦਲਦੇ ਰੰਗ ਵੇਖ ਲਏ ਸਨ। ਉਸਨੂੰ ਭਾਰਤ ਤੋਂ ਬਾਹਰ ਵੱਸ ਰਹੇ ਦੇਸੀ ਲਕੀਰ ਦੇ ਫਕੀਰਾਂ ਨਾਲ ਨਜਿੱਠਣਾ ਆ ਗਿਆ ਸੀ। ਮੈਂ ਅਜੇ ਸਿੱਖ ਰਹੀ ਸਾਂ । ਪੂਰੇ ਸੋਲ੍ਹਾਂ ਸਾਲ ਵੇਨਕੂਵਰ ਰਹਿ ਕੇ ਮੈਂ ਲੋਕਾਂ ਦੇ ਮੂੰਹੋਂ ਅਜਿਹੇ ਪਿੰਡਾ ਦੇ ਨਾਂ ਸੁਣੇ ਜੋ ਗੂਗਲ ਵੀ ਪੰਜਾਬ ਦੇ ਨਕਸ਼ੇ ਤੋਂ ਨਹੀਂ ਲਭ ਸਕਦਾ ਸੀ। ਕੁੱਕੜ ਬਘਾ, ਜੱਟ ਮਾਜਰਾ, ਪੈਲੀ ਖਰੋੰਦ, ਜੁਗਾਲੀ ਵੱਟ, ਧੰਨਾਂ ਖੁਰਦ, ਮਨਿਆਲਾ, ਜੈ ਸਿੰਘ ਵਾਲਾ, ਦਰੋਲੀ ਕਲਾਂ, ਪੰਡਹੌੜੀ, ਚੱਕ ਮੁਗਲਾਣੀ, ਬੀਹੜ ਵੱਟਾ, ਅਖਾੜਾ ਭੋਗਪੁਰ, ਜੱਜਾ ਖੁਰਦ, ਗੁਮਟਾਲਾ, ਗੁਮਟਾਲੀ, ਢੇਸੀ ਕੰਧ, ਸੌਂਧਕਲਾਂ, ਹੋਰ ਤਾਂ ਹੋਰ ਨਵਾਂ ਪਿੰਡ ਸ਼ੌਕੀਆਂ ਦਾ। ਵੀਰ ਦੇ ਸਿੱਖਿਆ ਅਨੁਸਾਰ ਹੁਣ ਮੈਂ ਨਿਧੜਕ ਹੋ ਕੇ ਕਿਸੇ ਵੀ ਪਿੰਡ ਦਾ ਨਾਂ ਲੈ ਲੈਂਦੀ। ਪਰ ਕੁਝ ਲੋਕ ਉਤੋਂ ਨਵਾਂ ਸਵਾਲ ਖੜ੍ਹਾ ਕਰ ਦਿੰਦੇ।
“ਪਰ ਤੂੰ ਬੋਲਦੀ ਤਾਂ ਸ਼ਹਿਰੀਆਂ ਵਾਂਗ ਹੈਂ। “
“ਲੈ, ਇਹ ਪਿੰਡ ਤਾਂ ਦੁਆਬੇ ‘ਚ ਪੈਂਦਾ ਹੈ, ਪਰ ਤੂੰ ਤਾਂ ਮਾਝਣਾ ਵਾਂਗ ਬੋਲਦੀ ਹੈ, ਕਾਹਤੇ? “
ਮੈਂ ਵੀ ਢੀਠ ਹੋ ਗਈ ਸੀ। ਇੱਕ ਕੰਨੋਂ ਸੁਣਦੀ ਤੇ ਦੂਜੇ ਕੰਨੋ ਬਾਹਰ ਸੁੱਟ ਦਿੰਦੀ। ਵੈਨਕੂਵਰ ਮਗਰੋਂ ਮੈਂ ਸਾਢੇ ਤਿੰਨ ਸਾਲ ਵਿਨੀਂਪੇਗ ਵਰਗੇ ਨਿੱਕੇ ਜਿਹੇ ਸ਼ਹਿਰ ‘ਚ ਰਹੀ। ਪੰਜਾਬੀਆਂ ਦੀ ਗਿਣਟੀ ਇਥੇ ਬਹੁਤ ਘੱਟ ਹੈ। ਵੈਸੇ ਵੀ ਪੜ੍ਹੇ ਲਿਖੇ ਲੋਕਾਂ ਦੀ ਤਾਦਾਦ ਜ਼ਿਆਦਾ ਹੈ। ਇਸੇ ਕਰਕੇ ਇਥੇ ਮੌਨੂੰ ਪਿੰਡ ਦਾ ਨਾਂ ਪੁਛਣ ਵਾਲਿਆਂ ਨਾਲ ਕੋਈ ਖਾਸ ਵਾਹ ਨਹੀਂ ਪਿਆ ਸੀ। ਹੁਣ ਜ਼ਿੰਦਗੀ ਖਿੱਚ-ਧੂਹ ਕੇ ਮੈਨੂੰ ਬਰੈਮਪਟਨ ਲੈ ਆਈ ਹੈ। ਇਥੇ ਉਸੇ ਸਵਾਲ ਨੇ ਇੱਕ ਵਾਰ ਫਿਰ ਜੰਗਲੀ ਖੁੰਭ ਵਾਂਗ ਆਪਣਾ ਸਿਰ ਕੱਢ ਲਿਆ ਹੈ।
ਕਲ੍ਹ ਘਰ ਦੇ ਲਾਗੇ ਦਸ਼ਮੇਸ਼ ਦਰਬਾਰ ਗੁਰੂ-ਘਰ ਵਿਚ ਨਿੱਕੀ ਦੇ ਸਿਰ ਤੇ ਰੁਮਾਲ ਠੀਕ ਕਰਦੀ ਨੂੰ ਅਚਾਨਕ ਇੱਕ ਬੀਬੀ ਨੇ ਨਾਂ ਸਿਰਫ ਮੱਤ ਹੀ ਦਿੱਤੀ ਕਿ ਪੁੱਤ ਗੁਰੂ-ਘਰ ਸੂਟ ਪਾ ਕੇ ਆਇਆ ਕਰੋ ਅਤੇ ਵਾਹ ਲਗਦੇ ਬਿਨਾ ਕਿਸੇ ਤਕਲੁਫ਼ ਤੋਂ ਮੇਰੇ ਪਿੰਡ ਦਾ ਨਾਂ ਵੀ ਪੁੱਛ ਲਿਆ। ਹਾਏ ਰੱਬਾ ਮੇਰਿਆ, ਇਹ ਪਿੰਡ ਦਾ ਨਾਮ ਗੁਰੂਦੁਆਰੇ ਵੀ ਆ ਧਮਕਿਆ।
ਸਿਆਣੀ ਬੀਬੀ ਨੂੰ ਕੌਣ ਸਮਝਾਵੇ ਕੇ ਮੇਰੇ ਵਾਹਿਗੁਰੁ ਨੂੰ ਮੇਰੀ ਜੀਨ ‘ਤੇ ਰਾਜਸਥਾਨੀ ਕੁੜਤੇ ਤੇ ਕੋਈ ਇਤਰਾਜ਼ ਨਹੀਂ । ਉਹ ਮੇਰੀ ਮਨੋਦਸ਼ਾ ਜਾਣਦਾ ਹੈ। ਉਸਨੂੰ ਕੋਈ ਫਰਕ ਨਹੀਂ ਪੈਂਦਾ ਜੇ ਹਾਲ ਦੀ ਘੜੀ ਮੇਰੇ ਕੋਲ ਕੋਈ ਸੂਟ ਨਹੀਂ ਹੈ। ਮੇਰਾ ਸਾਰਾ ਸਮਾਨ ਅਜੇ ਵੀ ਵਿਨੀਪੇਗ ਦੀ ਇੱਕ ਮੂਵੀੰਗ ਕੰਮਪਨੀ ਦੀ ਸਟੋਰੇਜ ਵਿਚ ਪਿਆ ਹੈ। ਮੈਨੂੰ ਪਿੰਡ ਦਾ ਨਾਂ ਜਾਣਨ ਵਾਲਿਆਂ ਦੀ ਮਾਨਸਿਕਤਾ ਅੱਜ ਤੱਕ ਕਦੀ ਸਮਝ ਨਹੀਂ ਆਈ। ਕਿਸੇ ਪਿੰਡ ਦੇ ਦਰਸ਼ਨ ਕਰਨੇ ਤਾਂ ਦੂਰ ਦੀ ਗੱਲ ਰਹੀ ਮੈਨੂੰ ਤਾਂ ਇੰਡੀਆ ਦਾ ਟਿਕਟ ਕਟਾਏ ਵੀ ਦੱਸ ਸਾਲ ਹੋਣ ਤੇ ਆਏ ਨੇ। ਚਾਹੇ ਪਿੰਡ ਮੇਰਾ ਕੋਈ ਨਹੀਂ ਪਰ ਦਿਲ-ਜਾਨ ਤੋਂ ਮੈਂ ਪੂਰੀ ਪੰਜਾਬਣ ਹਾਂ । ਮੇਰੇ ਸੱਜੇ ਹੱਥ ‘ਚ ਪਾਇਆ ਸਟੇਨਲੇਸ ਸਟੀਲ ਦਾ ਕੜਾ ਸੱਤਵੀਂ ਜਮਾਤ ਵਿਚ ਹਰਮੰਦਿਰ ਸਾਹਿਬ ਤੋਂ ਚੜ੍ਹਾਇਆ ਸੀ। ਇਹ ਕੜਾ ਮੈਂ ਆਪਣੇ ਵਿਆਹ ਵੇਲੇ ਵੀ ਨਹੀਂ ਸੀ ਬਦਲਿਆ। ਨਿੱਕੀ ਨਿੱਕੀ ਗੱਲ ‘ਤੇ ਮੇਰਾ ਖੂਨ ਵੀ ਇੱਕ ਪੰਜਾਬੀ ਵਾਂਗ ਖੌਲਦਾ ਹੈ। ਸਰੋਂ ਦੇ ਸਾਗ ਨੂੰ ਦੇਸੀ ਘਿਓ ਦਾ ਤੜਕਾ ਮੈਂ ਵੀ ਉਸੇ ਤਰ੍ਹਾ ਲਾਉਂਦੀ ਹਾਂ ਜਿਵੇਂ ਕਿਸੇ ਹੋਰ ਪੰਜਾਬੀ ਮਾਂ ਦੀ ਜਾਈ, ਸ਼ਾਇਦ ਉਸ ਤੋਂ ਵੀ ਥੋੜਾ ਰਤਾ ਕੁ ਬਿਹਤਰ।
ਕਲ੍ਹ ਆਪਣੇ ਘਰ ਦੇ ਲਾਗੇ ਨਿੱਕੀ ਨੂੰ ਗੰਨੇ ਦਾ ਰੱਸ ਪਿਆਉਣ ਇੰਡੀਅਨ ਮਾਰਕੇਟ ਗਈ ਸੀ। ਪੈਸੇ ਦੇਣ ਲੱਗੀ ਤਾਂ ਦੁਕਾਨਦਾਰ ਤੋਂ ਰਿਹਾ ਨਾ ਗਿਆ। ਆਖਿਰ ਉਸ ਨੇ ਵੀ ਪੁੱਛ ਹੀ ਲਿਆ,
“ਭੈਣਜੀ, ਆਪਣਾ ਪਿੰਡ ਕਿਹੜਾ ਹੈ ਜੀ?”
ਇਸ ਵਾਰ ਮੈਂ ਵੀ ਤਿਆਰ ਸੀ… ਪੈਂਦੀ ਸੱਟੇ ਬੋਲ ਪਈ,
“ਕਨੇਡਾ… ਪਲੀਜ਼ ਕੀਪ ਦੀ ਚੇੰਜ ” ਸੋਚਿਆ ਜਿਸ ਮੁਲਕ ਵਿਚ ਇੰਨੇ ਟੋਭੇ ਦੇ ਡੱਡੂ ਹੋਣ ਉਸਤੋਂ ਵੱਡਾ ਪਿੰਡ ਕੋਈ ਹੋ ਹੀ ਨਹੀਂ ਸਕਦਾ।
Leave A Reply