ਕਹਾਣੀ
ਠੰਡਾ ਸਮੋਸਾ
ਪਿਛਲੇ ਕੁਝ ਦਿਨਾਂ ਤੋਂ ਵਾਹਵਾ ਠੰਡ ਪੈਣੀ ਸ਼ੁਰੂ ਹੋ ਗਈ ਹੈ ਇਸੇ ਕਾਰਣ ਸ਼ਾਮ ਦੀ ਸੈਰ ਵਾਸਤੇ ਵੀ ਨਿਕਲ ਨਹੀਂ ਸਕੀ। ਪਰ ਅੱਜ ਥੋੜ੍ਹੀ ਹਿੰਮਤ ਕਰ ਹੀ ਲਈ। ਗਲ ਵਿਚ ਸਕਾਰਫ਼ ਲਪੇਟ ਕੇ ਬਾਹਰ ਆ ਗਈ। ਅਜੇ ਚਾਰ ਕਦਮ ਹੀ ਪੁੱਟੇ ਸਨ ਕਿ ਕਿਸੇ ਨੇ ਪਿਛੋਂ ਅਵਾਜ਼ ਮਾਰੀ, “ਭੈਣਜੀ” ਮੈਂ ਮੁੜ ਕੇ ਦੇਖਿਆ ਪਰ ਉਸਨੂੰ ਬਿਲਕੁਲ ਪਛਾਣ ਨਾ ਸਕੀ। ਉਹ ਮੇਰੀ ਹੀ ਕੋਈ ਹਮ-ਉਮਰ ਜਾਪਦੀ ਸੀ। ਮੇਰੇ ਕੋਲ ਆ ਕੇ ਉਸਨੇ ਇਕਦਮ ਮੈਨੂੰ ਪਿਆਰ ਨਾਲ ਪੋਲੀ ਜਿਹੀ ਜੱਫੀ ਵਿਚ ਘੁੱਟ ਲਿਆ ਅਤੇ ਦਿਲ ਟੁੰਬਵੀ ਅਵਾਜ਼ ਨਾਲ ਸਤਿ ਸ਼੍ਰੀ ਅਕਾਲ ਬੁਲਾਈ। ਛੇਤੀ ਛੇਤੀ ਕੋਟ ਦੀਆਂ ਜੇਬਾਂ ਚੋਂ ਆਪਣੇ ਠਰੇ ਜਿਹੇ ਹੱਥ ਕੱਢੇ, ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਹੋਇਆਂ ਮੈਂ ਵੀ ਉਸਨੂੰ ਜੱਫੀ ਪਾ ਲਈ। ਉਸਨੇ ਮੈਨੂੰ ਇੰਨੇ ਪਿਆਰ ਨਾਲ ਗਲ ਲਾਇਆ ਕਿ ਮੈਂ ਉਸਦੀ ਤੜਕੇ ਨਾਲ ਮੁਸ਼ਕ ਮਾਰਦੀ ਜੈਕੱਟ ਨੂੰ ਵੀ ਅਣਗੋਲਿਆ ਕਰ ਦਿੱਤਾ।
“ਤੁਸੀਂ ਸ਼ਾਇਦ ਮੈਨੂੰ ਪਛਾਣਿਆ ਨਹੀਂ, ਆਪਾਂ ਦੋਵੇਂ ਦਸ਼ਮੇਸ਼ ਦਰਬਾਰ ਗੁਰੂ ਘਰ ਭਾਂਡਿਆਂ ਦੀ ਸੇਵਾ ਰਲ ਕੇ ਕਰਦੀਆਂ ਹਾਂ ਤੇ ਮੈਂ ਤੁਹਾਨੂੰ ਕਈ ਵਾਰ ਸਬਜ਼ੀ ਮੰਡੀ ‘ਚ ਵੀ ਦੇਖਿਆ ਹੈ।” ਇੱਕੋ ਸਾਹੇ ਉਸਨੇ ਮੈਨੂੰ ਜਾਣ- ਪਹਿਚਾਣ ਦੇ ਕਿੰਨੇ ਹੀ ਪਰੂਫ ਦੇ ਛੱਡੇ। ਮੈਂ ਅੰਦਰ ਹੀ ਅੰਦਰ ਆਪਣੇ ਆਪ ਨਾਲ ਝੁਰਦੀ ਰਹੀ ਤੇ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰਦੀ ਰਹੀ । ਆਪਣੀ ਕਮਜ਼ੋਰ ਯਾਦਾਸ਼ਤ ‘ਤੇ ਗੁੱਸਾ ਵੀ ਆਇਆ ਕਿ ਅਗਲੀ ਮੇਰੇ ਬਾਰੇ ਕੀ ਸੋਚਦੀ ਹੋਵੇਗੀ। ਪਰ ਝੂਠ-ਮੂਠ ਹਾਂਜੀ ਹਾਂਜੀ ਕਹਿ ਕੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਇੰਨੀਂ ਠੰਡ ਵਿਚ ਮੇਰੇ ਮਗਰ ਭੱਜੀ ਆਈ ਸੀ ਤੇ ਮੈਂ ਉਸਦਾ ਮਾਣ ਰਖਣਾ ਚਾਹੁੰਦੀ ਸੀ।
“ਮੈਂ ਆਉਂਦੇ ਜਾਂਦਿਆਂ ਆਪਣੀ ਕਿਚਨ ਵਿੰਡੋ ‘ਚੋਂ ਤੁਹਾਨੂੰ ਕਈ ਵਾਰ ਤੱਕਿਆ ਹੈ, ਪਰ ਤੁਸੀਂ ਤਾਂ ਤੁਰੇ ਜਾਂਦੇ ਖੱਬੇ ਸੱਜੇ ਵੇਖਦੇ ਹੀ ਨਹੀਂ ਕਦੀਂ” ਉਸਨੇ ਹੱਸਦਿਆਂ ਗੱਲ ਅੱਗੇ ਤੋਰੀ।
“ਅਸੀਂ ਤੁਹਾਡੇ ਗੁਆਂਢ ‘ਚ ਰਹਿੰਦੇ ਹਾਂ, ਤੁਹਾਡੀ ਬੇਸਮੈਂਟ ਵੱਲ ਮੇਰੀ ਰਸੋਈ ਲੱਗਦੀ ਹੈ, ਤੁਸੀਂ ਨਵੇਂ ਆਏ ਲੱਗਦੇ ਹੋ ਇਥੇ, ਤੁਹਾਡੇ ਤੋਂ ਪਹਿਲਾਂ ਇਸ ਬੇਸਮੈਂਟ ਵਿਚ ਸਾਰੇ ਪੇਂਡੂ ਰਹਿ ਕੇ ਗਏ ਨੇ, ਉਨ੍ਹਾਂ ਨੇ ਇਥੇ ਰਹਿੰਦਿਆਂ ਆਪਣੀ ਜਾਣ ਪਛਾਣ ਦਾ ਘੇਰਾ ਖੁੱਲ ਕੇ ਵਧਾਇਆ। ਮੈਂ ਵੀ ਦੋ ਚਾਰ ਵਾਰ ਹੋਰ ਹਾਂਜੀ ਹਾਂਜੀ ਤੇ ਅੱਛਾ ਜੀ ਕਰ ਕੀਤੀ। ਕੁਝ ਹੋਰ ਰਸਮੀ ਗੱਲਾਂ ਵੀ ਹੋਈਆਂ।
” ਕੱਲ ਨੂੰ ਮੇਰੇ ਬੇਟੇ ਦਾ ਜਨਮ ਦਿਨ ਹੈ, ਤੁਸੀਂ ਆਪਣੇ ਪਰਿਵਾਰ ਸਮੇਤ ਜ਼ਰੂਰ ਆਇਓ, ਸ਼ਾਮੀਂ ਛੇ ਵਜੇ ਪਲੀਜ਼”, ਉਸਨੇ ਬੜੇ ਸਲੀਕੇ ਨਾਲ ਮੈਨੂੰ ਨਿਉਤਾ ਦੇ ਦਿੱਤਾ। ਮੈਂ ਬੜੀ ਦੋਚਿੱਤੀ ਵਿਚ ਪੈ ਗਈ, ਸੋਚਿਆ ਮੈਂ ਤਾਂ ਇਨ੍ਹਾਂ ਨੂੰ ਜਾਣਦੀ ਹੀ ਨਹੀਂ ਤੇ ਇਸ ਤਰ੍ਹਾਂ ਕਿਸੇ ਦੇ ਘਰ ਮੱਲੋ-ਮੱਲੀ ਜਾ ਧਮਕਣਾ ਪਤਾ ਨਹੀਂ ਸ਼ੋਭਾ ਦੇਵੇਗਾ ਜਾ ਨਹੀਂ। ਮੈਂ ਸੋਚ ਸੋਚ ਕੇ ਪਰੇਸ਼ਾਨ ਹੋਈ ਜਾਵਾਂ।
“ਨਹੀਂ ਜੀ ਨਹੀਂ, ਮੈਂ ਨਹੀਂ ਆ ਸਕਦੀ, ਮੈਂ ਤਾਂ ਇਥੇ ਕਿਸੇ ਨੂੰ ਜਾਣਦੀ ਹੀ ਨਹੀਂ,” ਫਿੱਕੀ ਜਿਹੀ ਮੁਸਕਾਨ ਨਾਲ ਮੈਂ ਜਵਾਬ ਦਿੱਤਾ।
ਨਾਂ ਭੈਣਜੀ ਨਾਂ, ਹੁਣ ਨਾਂਹ ਨਾਂ ਕਰਿਓ… ਨਾਲੇ ਜੱਦ ਆਓਗੇ ਜਾਓਗੇ ਤਾਂ ਸਾਰੇ ਆਪੇ ਵਾਕਿਫ਼ ਹੋ ਜਾਵੋਗੇ”, ਉਸਨੇ ਜ਼ੋਰ ਦੇ ਕੇ ਕਿਹਾ “ਸੁੱਖ ਨਾਲ ਚੌਂਹਾਂ ਕੁੜੀਆਂ ਤੋਂ ਮਗਰੋ ਸਾਡੇ ਘਰ ਕਾਕਾ ਹੋਇਆ ਹੈ, ਕਲ੍ਹ ਉਸਨੇ ਪੰਜਾਂ ਸਾਲਾਂ ਦਾ ਹੋ ਜਾਣਾ ਹੈ ਵਾਹਿਗੁਰੂ ਦੀ ਮਹਿਰ ਨਾਲ, ਉਸ ਦਾਤੇ ਨੇ ਭੈਣਜੀ ਸਾਡੀ ਸੁਣ ਹੀ ਲਈ ਆਖਿਰਕਾਰ, ਨਹੀਂ ਤਾਂ ਮੈਂ ਬੜੀ ਔਖੀ ਸੀ ਜੇ, ਤੁਸੀਂ ਆਪ ਸਿਆਣੇ ਹੋ…ਮੈਂ ਤਾਂ ਭੈਣ ਜੀ ਇੰਡੀਆ ਵੀ ਜਾ ਜਾ ਕੇ ਕਈ ਗੁਰਦਵਾਰਿਆਂ ‘ਚ ਚੌਪਹਿਰੇ ਕੱਟ ਕੇ ਆਈ ਹਾਂ, ਤਾਂ ਹੀ ਦਾਤੇ ਨੇ ਸਾਨੂੰ ਭਾਗ ਲਾਏ, ਨਿਆਮਤ ਬਖਸ਼ੀ ਜੇ” ਉਸਨੇ ਆਪਣਾ ਕਿੱਸਾ ਇੱਕੋ ਸਾਹੀਂ ਕਹਿ ਸੁਣਾਇਆ।
ਚੰਗਾ ਭੈਣਜੀ, ਮੈਂ ਹੁਣ ਜਾਵਾਂ, ਘਰੇ ਬੜਾ ਕੰਮ ਹੈ, ਕੱਲ ਸ਼ਾਮ ਨੂੰ ਮਿਲਦੇ ਹਾਂ” ਉਸਨੇ ਆਪਣਾ ਫੈਸਲਾ ਸੁਣਾਇਆ ਤੇ ਮੱਲੋ-ਮੱਲੀ ਮੈਨੂੰ ਫਿਰ ਆਪਣੀ ਗੱਲਵਕੜੀ ‘ਚ ਲੈ ਲਿਆ। ਮੈਂ ਵੀ ਹਾਰੀ ਜਿਹੀ ਨੇ ਮੁਸਕਰਾ ਕੇ ਹੌਲੀ ਜਿਹੀ ਸਿਰ ਹਿਲਾ ਦਿੱਤਾ ਅਤੇ ਅਗਾਂਹ ਸੈਰ ਨੂੰ ਤੁਰ ਪਈ।
ਮੈਂ ਜਾਣਾ ਤਾਂ ਨਹੀਂ ਸੀ ਚਾਹੁੰਦੀ, ਪਰ ਫਿਰ ਸੋਚਿਆ ਕੀ ਕੋਈ ਇਹ ਨਾਂ ਸੋਚੇ ਕਿ ਮੈਂ ਕੁਝ ਦੇਣ ਦੀ ਮਾਰੀ ਨਹੀਂ ਆਈ। ਕਰਨੀ ਉਸ ਰੱਬ ਦੀ ਕਿ ਅਗਲੀ ਸ਼ਾਮ ਪੈਂਦਿਆਂ ਵੀ ਜਿਆਦਾ ਚਿਰ ਨਾਂ ਲੱਗਾ ਤੇ ਅਸੀਂ ਦੋਵੇਂ ਮਾਵਾਂ ਧੀਆਂ ਗੁਆਂਢਣ ਦੇ ਘਰ ਜਾਣ ਲਈ ਤਿਆਰ ਹੋ ਗਈਆਂ। ਸੁੱਖ ਨਾਲ ਨਿੱਕੀ ਨੇ ਵੀ ਪੰਜਾਬੀ ਸੂਟ ਪਾ ਲਿਆ। ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਮੈ ਇੱਕ ਸੋਹਣੇ ਜਿਹੇ ਲਿਫਾਫੇ ਵਿਚ ਬੱਚੇ ਨੂੰ ਦੇਣ ਲਈ ਸ਼ਗਨ ਪਾ ਲਿਆ।
ਗੁਆਂਢਣ ਦੇ ਘਰ ਦੇ ਬਾਹਰ ਕਾਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਘਰ ਦਾ ਗਰਾਜ ਖੁੱਲ੍ਹਾ ਪਿਆ ਸੀ ਬਹੁਤ ਸਾਰੇ ਬੰਦੇ ਉਥੇ ਖੜੇ ਸੀ। ਮੈਂ ਅੰਦਾਜ਼ਾ ਲਾ ਲਿਆ ਕਿ ਸ਼ਾਮ ਦਾ ਵੇਲਾ ਹੈ ਅਤੇ ਉਨ੍ਹਾਂ ਦੇ ਮੂੰਹ ਸੁੱਕ ਰਹੇ ਹਨ। ਉਨ੍ਹਾਂ ਨੇ ਤਿਰਛੀ ਨਜ਼ਰ ਨਾਲ ਮੇਰੇ ਵਲ ਵੇਖਿਆ। ਡੰਗਰ ਕਿਸੇ ਥਾਂ ਦੇ, ਮੈਂ ਦਿਲ ‘ਚ ਸੋਚਿਆ ਤੇ ਉਨ੍ਹਾਂ ਤੋਂ ਨਜ਼ਰਾਂ ਬਚਾ ਕੇ ਨਿੱਕੀ ਦਾ ਹੱਥ ਫੜ ਘਰ ਦੇ ਮੇਨ ਦਰਵਾਜੇ ਵੱਲ ਹੋ ਗਈ। ਦਰਵਾਜਾ ਖੁੱਲ੍ਹਾ ਹੀ ਸੀ। ਸਾਨੂੰ ਵੇਖਦਿਆਂ ਹੀ ਮੇਰੀ ਗੁਆਂਢਣ ਤੇ ਉਸਦੇ ਨਾਲ ਇੱਕ ਦੋ ਹੋਰ ਤੀਵੀਆਂ ਤੇ ਕੁਝ ਨਿਆਣੇ ਸਾਡੇ ਵੱਲ ਭੱਜੇ ਆਏ। ਗੁਆਂਢਣ ਮੈਨੂੰ ਬਹੁਤ ਪਿਆਰ ਨਾਲ ਮਿਲੀ ਤੇ ਛੇਤੀ ਛੇਤੀ ਸਾਨੂੰ ਅੰਦਰ ਲੈ ਗਈ। ਬੈਠਕ ਵਿਚ ਬਹੁਤ ਸਾਰੇ ਬੱਚੇ ਤੇ ਤੀਵੀਆਂ ਰੌਲਾ-ਰੱਪਾ ਪਾ ਰਹੇ ਸਨ।ਗੁਆਂਢਣ ਨੇ ਸਾਰਿਆਂ ਨਾਲ ਸਾਡੀ ਜਾਣ –ਪਛਾਣ ਕਰਾਈ। ਸਾਡੇ ਬੈਠਦਿਆਂ ਹੀ ਸਵਾਲਾਂ ਦੀ ਝੜੀ ਲੱਗ ਗਈ ….
“ਕੀ ਗੱਲ ਧੀਏ, ਇੱਕਲੀ ਆਈ ਹੈਂ, ਪਰਾਹੁਣਾ ਕਿੱਥੇ ਰਹਿ ਗਿਆ?” ਗੁਆਂਢਣ ਦੀ ਸੱਸ ਨੇ ਪੁਛਿਆ। ਦਿਲ ਕੀਤਾ ਕਿ ਕਹਿ ਦੇਵਾਂ ਕਿ ਉਹ ਰਹਿ ਗਿਆ ਚਾਰ ਵਰ੍ਹੇ ਪਿੱਛੇ।
“ਮੈਂ ਇੱਕਲੀ ਹੀ ਹਾਂ ਜੀ, ਬੱਸ ਮੈਂ ਤੇ ਮੇਰੀ ਧੀ,” ਮੈਂ ਸੱਚ ਉਗਲਿਆ।
“ਵਾਗਰੂ ਵਾਗਰੂ, ਇੱਕਲਾ ਤਾਂ ਧੀਏ ਰੁੱਖ ਵੀ ਨਾ ਹੋਵੇ”, ਉਸਨੇ ਬੁੱਲ੍ਹਾਂ ਉੱਤੇ ਹੱਥ ਧਰ ਕੇ ਲੰਮਾਂ ਜਿਹਾ ਸਾਹ ਖਿਚਿਆ। ਮੈਂ ਚੁੱਪ ਰਹੀ।
“ਬੰਦੇ ਬਿਨਾਂ ਵੀ ਤੀਵੀਂ ਦਾ ਭਲਾ ਕੋਈ ਜਿਓਣਾ ਹੈ”, ਨੁੱਕਰ ‘ਚ ਬੈਠੀ ਇੱਕ ਹੋਰ ਬੀਬੀ ਅਚਾਨਕ ਬੋਲੀ … ਕਰ ਲਉ ਗੱਲ , ਮੈਂ ਦਿਲ ‘ਚ ਸੋਚਿਆ, ਹੁਣ ਇਨ੍ਹਾਂ ਸਿਆਣੀਆਂ ਨਾਲ ਕੌਣ ਆਢਾ ਲਾਵੇ। ਪਿੰਡ ਦਾ ਨਾਂ ਵੀ ਪੁਛਿਆ ਗਿਆ ਤੇ ਬਾਰ ਬਾਰ ਪੁਛਿਆ ਗਿਆ… ਮੈਂ ਫੇਰ ਮੈਂ ਆਪਣੀਆਂ ਹਮ-ਉਮਰ ਔਰਤਾਂ ਨਾਲ ਗੱਲ-ਬਾਤ ਕਰਨ ਦੀ ਕੋਸ਼ਿਸ਼ ਕਰਨ ਲੱਗ ਪਈ।
“ਬੀਜੀ ਤੁਸੀਂ ਆਹ ਕਾਹਦੀਆਂ ਵਾਧੂ ਦੀਆਂ ਗੱਲਾਂ ਛੇੜਨ ਲੱਗ ਪਏ ਓ” ਗੁਆਂਢਣ ਨੇ ਝੂਠਾ ਜਿਹਾ ਹੱਸ ਕੇ ਗੱਲ ਪਲਟੀ ਤੇ ਮੈਨੂੰ ਸ਼ਰਮਿੰਦਾ ਜਿਹਾ ਹੋ ਕੇ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ, “ ਆਓ ਜੀ ਆਓ ਤੁਸੀਂ ਖਾਣ ਨੂੰ ਕੁਝ ਲਵੋ”
ਕਿਚਨ ਟੇਬਲ ਉੱਤੇ ਸਜੀਆਂ ਭਾਂਤ-ਭਾਂਤ ਦੇ ਪਕਵਾਨਾ ‘ਚੋਂ ਨਿੱਕੀ ਤੇ ਮੈਂ ਆਪੋ-ਆਪਣੀਆਂ ਪਲੇਟਾਂ ‘ਤੇ ਇੱਕ ਇੱਕ ਸਮੋਸਾ ਧਰ ਲਿਆ “ਲੈ ਤਾਂ, ਤੁਸੀਂ ਤਾਂ ਕੁਝ ਲਿਆ ਹੀ ਨਹੀਂ” ਬਰਾਈਡਲ ਸਲਵਾਰ ਕਮੀਜ਼ ਵਿਚ ਸੱਜੀ, ਮੇਰੀ ਗੁਆਂਢਣ ਦੀ ਕਿਸੇ ਰਿਸ਼ਤੇਦਾਰ ਨੇ ਸਾਡੀਆਂ ਪਲੇਟਾਂ ਵੱਲ ਤੱਕਦੇ ਕਿਹਾ ਅਤੇ ਜ਼ਬਰਦਸਤੀ ਨਿੱਕੀ ਦੀ ਪਲੇਟ ਭਰਨ ਦੀ ਕੋਸ਼ਿਸ਼ ਕੀਤੀ। ਸਾਰੇ ਮਹਿਮਾਨ ਆਪੋ- ਆਪਣੀਆਂ ਪਲੇਟਾਂ ਭਰ ਮੁੜ ਫੈਮਲੀ ਰੂਮ ‘ਚ ਆ ਬੈਠੇ।ਮੇਰੀ ਗੁਆਂਢਣ ਸਭ ਦੀ ਆਉ-ਭਗਤ ਵਿਚ ਰੁੱਝੀ ਪਈ ਸੀ। ਪੂਰੇ ਜਸ਼ਨ ਵਿਚ ਇੱਕ ਮੈਂ ਹੀ ਨਵੀਂ ਸੀ ਅਤੇ ਉਹ ਵੀ ਬਿਨਾ ਕਿਸੇ ਮਰਦ ਤੋਂ। ਬਹੁਤੀਆਂ ਨਜ਼ਰਾਂ ਮੇਰੇ ਉੱਤੇ ਹੀ ਗੱਡੀਆਂ ਹੋਈਆਂ ਸਨ।
“ਤੁਸੀਂ ਕੀ ਕੰਮ ਕਰਦੇ ਹੋ?” ਇੱਕ ਗੋਰੀ-ਚਿੱਟੀ ਹੱਟੀ-ਕੱਟੀ ਜੱਟੀ ਨੇ ਸਵਾਲ ਕੀਤਾ।
ਮੈਂ ਅੱਜ-ਕਲ੍ਹ ਕੰਮ ਨਹੀਂ ਕਰਦੀ, ਨੌਕਰੀ ਲਭ ਰਹੀ ਹਾਂ” ਮੈਂ ਦੋ ਟੁੱਕ ਜਵਾਬ ਦਿੱਤਾ ਪਰ ਇਹ ਸ਼ਾਇਦ ਕਾਫੀ ਨਹੀਂ ਸੀ।
ਹਾਏ ਹਾਏ ਫੇਰ ਤਾਂ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ,” ਕਿਸੇ ਨੇ ਤਰਸ ਖਾ ਕੇ ਕਿਹਾ।
“ਐਸੀ ਕੋਈ ਗੱਲ ਨਹੀਂ ਹੈ ਜੀ”, ਮੈਂ ਉਸਦੇ ਗੋਰੇ-ਚਿੱਟੇ ਮੂੰਹ ਉੱਤੇ ਚੇਪੀ ਲਾਉਣੀ ਚਾਹੀ। ਇੰਨੇ ਨੂੰ ਮੇਰੀ ਗੁਆਂਢਣ ਤੁਰਦੀ ਫਿਰਦੀ ਚਾਹ ਦੇ ਪਿਆਲਿਆਂ ਦੇ ਨਾਲ ਵੱਡੀ ਸਾਰੀ ਸਰਵਿੰਗ ਟਰੇ ਵਿਚ ਤੰਦੂਰੀ ਚਿਕਨ ਨਾਲ ਆ ਧਮਕੀ।
“ਲਓ ਜੀ ਲਓ ਚਾਹਾਂ ਪੀਓ”
“ਤੁਸੀਂ ਲਵੋ ਜੀ” ਨਹੀਂ ਜੀ ਪਹਿਲਾਂ ਤੁਸੀਂ ਲਵੋ ਨਾ” “ਨਹੀਂ ਪਹਿਲਾਂ ਤੁਸੀਂ”
ਮੇਰੇ ਮੂਹਰੇ ਵੀ ਟਰੇ ਆਈ, ” ਨਹੀਂ ਜੀ ਮੈਂ ਸ਼ਨੀਵਾਰ ਨੂੰ ਮੀਟ ਚਿਕਨ ਕੁਝ ਨਹੀਂ ਖਾਂਦੀ” ਮੇਰਾ ਮਨ ਕਾਹਲਾ ਜਿਹਾ ਪਿਆ।
“ਉਹੋ, ਚੰਗਾ ਜੀ ਚੰਗਾ”….ਫਿਰ ਮੇਰੀ ਨਿੱਕੀ ਨੂੰ ਪੁੱਛਿਆ, ‘ ਨੋ ਥੈਂਕਸ, ਵੀ ਡੂ ਨੌਟ ਈਟ ਏਨੀ ਫੂਡਜ਼ ਵਿਦ ਆਰਟੀਫਿਸ੍ਹਲ ਫੂਡ ਕਲਰਜ਼, ਮਾਈ ਮੋਮ ਜਸਟ ਲਾਇਡ ਟੂ ਯੂ”, ਮੇਰੀ ਨਿੱਕੀ ਨੇ ਅਣਭੋਲਤਾ ਨਾਲ ਜੁਆਬ ਦਿੱਤਾ। “ਇਹ ਨਿੱਕੀ ਵੀ ਨਾ ਬੱਸ… ਇਸ ਦੀਆਂ ਸਿੱਧੀਆਂ ਸੁੱਚੀਆਂ ਆਦਰਸ਼ਵਾਦੀ ਫਲਸੂਫੀਆਂ ਕਦੇ ਕਦੇ ਮੈਨੂੰ ਬੜੀਆਂ ਮਹਿੰਗੀਆਂ ਪੈਂਦੀਆਂ ਨੇ ਮੈਂ ਮਨ ਹੀ ਮਨ ‘ਚ ਖਿਝ ਗਈ।
“ਕਦੀਂ ਦੁਬਾਰਾ ਸੈਟਲ ਹੋਣ ਬਾਰੇ ਨਹੀਂ ਸੋਚਿਆ ਤੁਸੀਂ?’ ਕਿਸੇ ਨੇ ਬੇਬਾਕ ਹੋ ਕੇ ਸਵਾਲ ਕੀਤਾ।
ਅੰਦਰ ਹੀ ਅੰਦਰ ਮੇਰਾ ਖੂਨ ਖੌਲਿਆ ਤੇ ਦਿਲ ਕੀਤਾ ਕਿ ਇਹਦੇ ਕੰਨਾਂ ਲਾਗੇ ਇੱਕ ਜੜ ਦਿਆਂ … ਇਹ ਇਹਦਾ ਬਿਊਟੀ ਪਾਰਲਰ ਤੋਂ ਕਰਵਾਇਆ ਸਟਾਇਲ ਇੱਕ ਮਿੰਟ ਵਿਚ ਖੂੰਜੇ ਲੱਗ ਜਾਵੇ ਤੇ ਹਫਤਾ ਭਰ ਇਹਦਾ ਕੰਨ ਵੀ ਗੂੰਜਦਾ ਰਹੇ।
“ਨਹੀਂ ਜੀ”, ਇੰਨਾ ਕਹਿ ਮੈਂ ਆਪਣੀ ਜਾਨ ਛੁਡਾਈ। “ਬੱਸ ਤੁਹਾਡੀ ਇੱਕ ਹੀ ਬੇਟੀ ਹੈ?’, ਆਪਣੀ ਸੁਰਖ ਲਿਪਸਟਿਕ ਨੂੰ ਹੋਰ ਗੂਹੜਾ ਕਰਨ ਮਗਰੋਂ ਇੱਕ ਦੇਸੀ ਮੇਮ ਨੇ ਸਵਾਲ ਕੀਤਾ “ਹਾਂਜੀ”, ਮੈਂ ਬੜੇ ਮਾਣ ਨਾਲ ਨਿੱਕੀ ਵਲ ਵੇਖਦਿਆਂ ਜ਼ੋਰ ਨਾਲ ਕਿਹਾ। ਨਿੱਕੀ ਹੌਲੀ ਹੌਲੀ ਸਮੋਸੇ ਚੋਂ ਮਟਰ ਲੱਭ ਕੇ ਪਲੇਟ ਦੇ ਇੱਕ ਪਾਸੇ ਰਖ ਰਹੀ ਸੀ।
“ਵਾਹਿਗੁਰੂ ਵੀ ਕਦੀਂ ਕਦੀਂ ਬਹੁਤ ਮਾੜੀ ਕਰਦਾ ਹੈ, ਇੱਕ ਪੁੱਤਰ ਹੀ….” ਕਿਸੇ ਹੋਰ ਮੂੜ੍ਹ-ਮੱਤ ਨੇ ਆਪਣਾ ਮੂੰਹ ਖੋਲ੍ਹਿਆ। ਮਨ ਹੀ ਮਨ ਵਿਚ ਸੋਚਿਆ “ਮੂਰਖ ਨਾਲ ਨਾ ਲੁਝੀਏ,” ਗੁਰਬਾਣੀ ਵਿਚ ਲਿਖਿਆ ਹੈ। ਉਸਦੀ ਗੱਲ ਪੂਰੀ ਹੋਣ ਹੋਣ ਤੋਂ ਪਹਿਲਾਂ ਹੀ ਮੈਂ ਉੱਠ ਖੜ੍ਹੀ ਹੋਈ।
ਪਲੇਟ ਵਿਚ ਪਿਆ ਸਮੋਸਾ ਠੰਡਾ ਜਿਹਾ ਹੋ ਗਿਆ ਸੀ। ਸਵਾਲਾ ਦੇ ਜਵਾਬ ਦਿੰਦਿਆਂ ਮੇਰਾ ਖਾਣ ਵੱਲ ਉੱਕਾ ਹੀ ਧਿਆਨ ਨਹੀਂ ਗਿਆ, ਰਾਤ ਹੋਰ ਗੂੜ੍ਹੀ ਹੋ ਗਈ ਸੀ ਅਤੇ ਕੁਝ ਬੰਦੇ ਹੌਲੀ ਹੌਲੀ ਗਲਾਸੀਆਂ ਤੇ ਬਰਫ਼ ਲੈਣ ਦੇ ਪੱਜ ਨਾਲ ਮੁੜ-ਮੁੜ ਅੰਦਰ ਬਾਹਰ ਆਉਣ ਲੱਗ ਪਏ ਸਨ। ਮੈਂ ਛੇਤੀ ਛੇਤੀ ਆਪਣੀ ਗੁਆਂਢਣ ਦੇ ਹੱਥ ਸ਼ਗਨ ਦਾ ਲਿਫ਼ਾਫ਼ਾ ਫੜਾਇਆ ਤੇ ਨਿੱਕੀ ਨੂੰ ਅਵਾਜ਼ ਮਾਰੀ ਗੁਆਂਢਣ ਵਿਚਾਰੀ ਨੇ ਬਹੁਤ ਜ਼ੋਰ ਪਾਇਆ ਕਿ ਡਿਨਰ ਕਰਕੇ ਹੀ ਜਾਓ, ਪਰ ਸਮੋਸੇ ਦੇ ਦੌਰ ਵਿਚ ਹੀ ਦਿਲ ਏਨਾ ਭਰ ਗਿਆ ਸੀ ਕਿ ਹੁਣ ਇਥੇ ਇੱਕ ਮਿੰਟ ਲਈ ਰੁਕਣਾ ਗਵਾਰਾ ਨਹੀਂ ਸੀ। ਵੈਸੇ ਵੀ ਮੈਨੂੰ ਆਪਣੇ ਫਰਿਜ ਵਿਚ ਪਈ ਖਿਚੜੀ ਚੇਤੇ ਆ ਰਹੀ ਸੀ, ਸੋਚ ਰਹੀ ਸੀ ਕਿ ਘਰ ਜਾ ਕੇ ਮਾਂਵਾਂ ਧੀਆਂ ਉਸਨੂੰ ਦੁਬਾਰਾ ਦੇਸੀ ਘਿਓ ਦਾ ਤੜਕਾ ਲਾ ਕੇ ਨਿੰਬੂ ਦੇ ਆਚਾਰ ਨਾਲ ਖਾਵਾਂਗੀਆਂ । ਗਰਾਜ ਦੇ ਅੱਗੋਂ ਲੰਘਦਿਆਂ ਕਈ ਘੂਰਦੀਆਂ ਨਜ਼ਰਾਂ ਨੂੰ ਅਣਗੌਲਿਆ ਕਰ ਅਸੀਂ ਮਾਵਾਂ ਧੀਆਂ ਘਰ ਪਰਤ ਆਈਆਂ।
ਘਰ ਆ ਕੇ ਮੈਂ ਬੜੇ ਪਿਆਰ ਨਾਲ ਖਿਚੜੀ ਨੂੰ ਤੜਕਾ ਲਾਇਆ। ਅਜੇ ਅਸੀਂ ਪਹਿਲਾ ਚਮਚ ਹੀ ਮੂੰਹ ਵਿਚ ਪਾਇਆ ਸੀ ਕਿ ਗੁਆਂਢਣ ਦੇ ਘਰ ਦਾ ਸ਼ੋਰ-ਸ਼ਰਾਬਾ ਕੰਧ ਟੱਪ ਕੇ ਸਾਡੇ ਵਿਹੜੇ ਆ ਵੜਿਆ। ਅੰਗ੍ਰੇਜ਼ੀ ਦਾਰੂ ਦਾ ਅਸਰ ਹੈ, ਸਿਰ ਚੜ੍ਹ ਕੇ ਬੋਲੇਗਾ ਸਾਰੀ ਰਾਤ, ਮੈਂ ਸੋਚਿਆ।
ਖਿਚੜੀ ਖਾ ਕੇ ਰਸੋਈ ਵਿਚ ਭਾਂਡੇ ਧੋਂਦੀ ਮੈਂ ਉਨ੍ਹਾਂ ਤੀਵੀਆਂ ਬਾਰੇ ਸੋਚ ਰਹੀ ਹਾਂ ਜਿਨ੍ਹਾਂ ਦੀ ਅਰਦਾਸ ਪੁੱਤਰ ਦੀ ਦਾਤ ਅਤੇ ਤਾਕਤ ਹਸਪਤਾਲਾਂ ਦੇ ਜਨਾਨਾ ਵਾਰਡ ਤੱਕ ਆ ਕੇ ਮੁੱਕ ਜਾਂਦੀ ਹੈ … ਇਨ੍ਹਾਂ ਦਾ ਸਵੈ-ਅਭਿਮਾਨ ਓਵਰ ਟਾਈਮ ਨੌਕਰੀਆਂ ਕਰਦਿਆਂ ਕਰਦਿਆਂ ਨਿਢਾਲ ਹੋ ਜਾਂਦਾ ਹੈ ਅਤੇ ਇਨ੍ਹਾਂ ਦੀ ਦੁਨੀਆ ਸੁੰਗੜ ਕੇ ਉਨ੍ਹਾਂ ਗਰਾਜਾਂ ਜਿੱਡੀ ਹੋ ਜਾਂਦੀ ਹੈ ਜਿੱਥੇ ਉਨ੍ਹਾਂ ਦੇ ਸਿਰਾਂ ਦੇ ਤਾਜ ਬੀ-ਗਰੇਡ ਪੰਜਾਬੀ ਗਾਇਕਾ ਮਿਸ ਪੂਜਾ ਦੇ ਘੱਟੀਆ ਗੀਤਾਂ ਤੇ ਝੂਮਦੇ ਅਤੇ ਬਗਾਨੀਆਂ ਧੀਆਂ ਭੈਣਾ ਨੂੰ ਘੂਰਦੇ ਰਹਿੰਦੇ ਨੇ ….
ਨਿੱਕੀ ਪਰੀਆਂ ਦੀ ਕਹਾਣੀ ਸੁਣਦਿਆਂ ਸੁਣਦਿਆਂ ਆਰਾਮ ਨਾਲ ਸੌ ਗਈ ਹੈ। ਮਿਸ ਪੂਜਾ ਦੇ ਅਸ਼ਲੀਲ ਗੀਤ ਹੋਰ ਬੁਲੰਦ ਹੋ ਰਹੇ ਨੇ ਤੇ ਮੈਂ ਮੂੰਹ ਸਿਰ ਲਪੇਟ ਕੇ ਸੌਣ ਦੀ ਕੋਸ਼ਿਸ਼ ਕਰ ਰਹੀ ਹਾ।
Leave A Reply