• ਮੁੱਖ
  • ਸੇਵਾਵਾਂ
  • ਬਲੌਗ
    • ਬਲੌਗ
    • ਸ਼ਬਦਾਂ ਦਾ ਪਰਾਗ
    • ਰੰਗਾਵਲੀ
  • ਸਾਡੇ ਬਾਰੇ
    • ਸਾਡੇ ਬਾਰੇ
    • ਇਤਿਹਾਸ
    • ਮੇਰੀ ਕਹਾਣੀ
  • ਸੰਪਰਕ ਕਰੋ
  • Languages

    • Punjabi
      • English
      • हिन्दी (Hindi)
  • About Me

    Anoop Babra's Profile Picture
    Welcome to "Shabad Ambrosia". My name is Anoop Babra & I love to write. Check My Story...

  • Follow Me On

  • Newsletter

24/7 anoopkbabra@outlook.com

  • ਮੁੱਖ
  • ਸੇਵਾਵਾਂ
  • ਬਲੌਗ
    • ਸ਼ਬਦਾਂ ਦਾ ਪਰਾਗ
    • ਰੰਗਾਵਲੀ
  • ਸਾਡੇ ਬਾਰੇ
    • ਇਤਿਹਾਸ
    • ਮੇਰੀ ਕਹਾਣੀ
  • ਸੰਪਰਕ ਕਰੋ
  • Punjabi
    • English
    • हिन्दी (Hindi)
ਬਾਰਡਰੋਂ ਪਾਰ
July 11, 2016

ਕਹਾਣੀ

ਬਾਰਡਰੋਂ ਪਾਰ

 ਸਿਰਲੇਖ  – ਕੈਦ

ਨਿੱਕੀ ਅਤੇ ਮੈਂ ਕੱਲ ਰਾਤ ਹੀ ਤੜਕਸਾ ਰ ਲੰਬੀ ਡਰਾਈਵ’ਤੇ ਨਿਕਲ ਜਾਣ ਦਾ ਮਨ  ਬਣਾ ਲਿਆ ਸੀl ਅੱਜ ਮੂੰਹ ਹਨੇਰੇ ਹੀ ਨਿਆਗਰਾ ਫੌਲਜ਼  ਨੂੰ ਜਾਂਦੀ ਹਾਈਵੇ ‘ਤੇ ਗੱਡੀ ਪਾ ਲਈ l ਸੂਬਾ ਓਨਟਾਰੀਓ ਸਾਡੇ ਵਾਸਤੇ ਨਵਾਂ  ਹੈ l ਸਾਨੂੰ ਮਾਂ ਧੀ ਦੋਵਾਂ ਨੂੰ  ਨਵੀਆਂ ਥਾਂਵਾਂ ਵੇਖਣ ਦਾ ਬਾਹਲਾ ਹੀ ਸ਼ੌਕ ਹੈ l ਇੱਕ ਨਿੱਕੇ ਜਿਹੇ ਬੈਗ ਵਿਚ ਅਸੀਂ ਦੋ ਚਾਰ ਜ਼ਰੂਰੀ ਚੀਜ਼ਾਂ ਰੱਖ ਲਈਆਂ ਨੇ, ਜੇ ਚਿੱਤ ਕੀ ਤਾ ਤਾਂ ਆਥਣ ਹੁੰਦਿਆਂ ਘਰ ਪਰਤ ਆਵਾਂ ਗੀਆਂ ਨਹੀਂ ਤਾਂ

ਕੋਈ ਵਾਜਬ ਜਿਹੀ ਥਾਂ ਦੇਖ ਕੇ ਰਾਤ ਬਾਹਰ ਕੱਟ ਲਵਾਂਗੀਆਂ l ਵੈਸੇ ਵੀ, ਇਸ ਘਰ ਵਿਚ ਕਿਹੜਾ ਕੋਈ ਰੱਬ ਦਾ ਬੰਦਾ ਸਾਨੂੰ ਉਡੀਕਦਾ ਹੈ ਜਿਸਦੇ ਪਿੱਛੇ ਅਸੀਂ ਨੱਠੀਆਂ ਵਾਪਿਸ  ਇਸ ਚਾਰ ਦੀਵਾਰੀ ਆ ਜਾਈਏ l ਸਾਡੀ ਨਿੱਕੀ ਜਿਹੀ ਗੱਡੀ ਉਨੀਂ ਗੈਸ ਦੇ ਸਿਰ ‘ਤੇ ਨਹੀਂ ਚਲਦੀ ਜਿੰਨੀਂ ਉਸ ਵਾਹਿਗੁਰੂ ਦੇ ਸਿਮਰਨ ਨਾਲ ਚਲਦੀ ਹੈl ਸਾਡੀ ਖਬਰਸਾਰ ਰੱਖਣਵਾਲਾ ਆਖਿਰ ਉਹ ਇੱਕ ਦਾਤਾ ਹੀ ਤਾਂ ਹੈl ਗੱਡੀ ਨੂੰ ਤੋਰਦਿਆਂ ਸਾਰ ਹੀ ਮੈਂ  ਸਤਿਨਾਮ ਸਿੰਘ ਸੋਢੀ ਜੀ ਦੇ ਸੁਖਮਨੀ ਸਾਹਿਬ ਦੇ ਪਾਠ ਦੀ ਸੀ-ਡੀ ਲਾ ਦਿੱਤੀ l ਮੇਰੀ ਨਿੱਕੀ ਦੀ ਮਜਾਲ ਨਹੀਂ ਕਿ ਪਾ ਠ ਚਲਦਿਆਂ ਉਹ ਰੇਡੀਓ ਦਾ ਕੋਈ  ਬਟਨ ਵੀ  ਨੱਪ ਦੇਵੇ, ਮਾਂ ਦੀ ਅੱਖ ਪਛਾਣਦੀ ਹੈ ਨਿੱਕੀ . . . . . ਬਿਲਕੁਲ ਉਸੇ ਤਰਾਂ ਜਿਵੇਂ ਮੈਂ ਉਸਦੀ ਹਰ ਰੱਗ ਤੋਂ ਵਾਕਿਫ਼ ਹਾਂ l

ਨਾਲ ਦੀ ਸੀਟ ‘ਤੇ ਬੈਠੀ  ਉਹ ਕਾਰ ਦੇ ਨਾਲ ਨਾਲ ਭੱਜਦੇ ਰੁੱਖਾਂ ਨੂੰ ਤਕਦੀ ਹੈ l ਕਦੇ-ਕਦਾਈ ਉਸਦਾ ਚੰਚਲ ਮਨ ਬਾਹਰ ਦੇ ਨਜ਼ਾਰਿਆਂ ਦੀਆਂ ਮਨ-ਮੋਹਣੀਆਂ ਤਸਵੀਰਾਂ ਖਿੱਚਣ ਲਈ ਉਤਾਵਲਾ ਹੁੰਦਾ ਹੈ  ਅਤੇ ਕਦੇ  ਉਸਦੀ ਨਜ਼ਰ ਲਾਗੇ ਪਏ ਹੈਡ-ਫੋਨ  ਉੱਤੇ ਪੈ ਜਾਂਦੀ ਹੈ … ਉਹ ਬਸ ਪਾਠ ਦੇ ਖਤਮ ਹੋਣ ਦੀ ਉਡੀਕ ਵਿਚ ਹੈ…. ਸੋਚਦੀ ਹੈ ਕਿਹੜਾ ਵੇਲਾ ਹੋਵੇ ਜਦੋਂ ਪਾਠ ਦੀ ਸਮਾਪਤੀ ਹੋਵੇ ਤੇ ਉਹ ਆਪਣੇ ਪਸੰਦ ਦਾ ਸੰਗੀਤ ਸੁਣ ਸਕੇ . . . ਹੈ ਤਾਂ ਬੱਚਾ ਹੀ l  ਆਖਿਰ ਉਹ ਪੁੱਛ ਹੀ ਲੈਂਦੀ ਹੈ, “ਹਾਓ ਮੈਨੀ ਚੈਪਟਰਜ ਟੂ ਗੋ ਮੋਮ?” ਨਿੱਕੀ ਅਸ਼ਟਪਦੀ ਨੂੰ ਚੈਪਟਰ ਕਹਿਣੋ ਨਹੀਂ ਹਟਦੀ, ਬਾਂਦਰੀ ਜਿਹੀ … ਮੈਂ ਹੱਸ ਛੱਡਦੀ ਹਾਂ ਤੇ ਪੈਂਦੀ ਸੱਟੇ ਪਿਆਰ ਨਾਲ ਝਾੜ ਵੀ ਦਿੰਦੀ ਹਾਂ, “ਐਵੇਂ ਸਵੇਰਸਾਰ ਕੰਨਾਂ ਲਾਗੇ ਨਾ ਧਰਾ ਲਵੀਂ ਇੱਕ ਅੱਧੀ ਨਿੱਕੀਏ, ਚੁੱਪ ਚਾਪ ਬੈਠੀ ਰਹਿ” l ਮੇਰੀਆਂ ਅਜਿਹਿਆਂ ਗੱਲਾਂ ਦੀ ਆਦੀ ਹੈ ਨਿੱਕੀ , ਬਾਰਾਂ ਵਰ੍ਹਿਆਂ ਦੇ ਬਲੂੰਗੜੇ ਵਾਲੀ ਉਸ ਵਿਚ ਕੋਈ ਗੱਲ ਹੀ ਨਹੀਂ l  ਇੱਕ ਕੰਨੋਂ ਸੁਣਦੀ ਹੈ ਤੇ ਦੂਜਿਓਂ ਬਾਹਰ ਕੱਢ ਦਿੰਦੀ ਹੈ …  ਐਵੇਂ ਫਾਲਤੂ ਵਿਚ ਡੁਸਕਦੀ ਵੀ ਨਹੀਂ  ….  ਪਾਠ ਖਤਮ ਹੁੰਦਿਆਂ ਹੀ ਨਿੱਕੀ ਨੇ ਆਪਣਾ ਮੰਨ ਪਸੰਦ ਅੰਗ੍ਰੇਜ਼ੀ ਗੀਤ ਲਾ ਲਿਆ ਹੈ ਅਤੇ ਝੂਮਦਿਆਂ ਹੋਇਆ ਨਾਲੋ-ਨਾਲ ਆਪ ਵੀ ਗਾ ਰਹੀ ਹੈ l ਸੋਚਦੀ ਹਾਂ ਕਿ ਜੇ ਕਿਧਰੇ  ਨਾਲ ਰਲ ਕੇ ਦੋ ਚਾਰ ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਵੀ ਪੜ੍ਹ ਲੈਂਦੀ ਤਾਂ ਇਸ ਮਾਂ ਦੇ ਕਲੇਜੇ ਨੂੰ ਰਤਾ ਕੁ ਠੰਡ ਪੈ ਜਾਣੀ ਸੀ l ਖੈਰ ਕੋਈ ਗੱਲ ਨਹੀਂ, ਸੁੱਖ ਨਾਲ ਬਥੇਰੀ ਉਮਰ ਪਈ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ,  ਇਸਦੀ ਮਾਂ ਨੂੰ ਤਾਂ  ਅੱਜ ਤੱਕ ਨਹੀਂ ਪਤਾ ਲਗਿਆ ਕਿਸੇ ਸੱਚਖੰਡ ਦਾ ਭੇਤ, ਫੇਰ ਇਹ ਤਾਂ ਸਿਰਫ  ਬਾਲੜੀ ਹੀ ਹੈ …. ਮੇਰੇ ਤੋਂ ਜ਼ਿਆਦਾ ਸਾਫ਼ ਦਿਲ ਦੀ ਹੈ ਮੇਰੀ ਨਿੱਕੀ ,  ਬੱਸ ਇਸੇ ਤਰ੍ਹਾਂ ਚਹਿਕਦੀ ਰਹੇ ਮੇਰੀ ਲਾਡਲੀ ਧੀ … ਵਡਦਿਲੀ ਅਤੇ ਦਲੇਰ-  ਮੇਰੇ ਦਿਲੋਂ ਆਪ-ਮੁਹਾਰੇ ਅਰਦਾਸ ਨਿਕਲ ਪਈ ਹੈl ਉਸਦੇ ਚਿਹਰੇ ਦੀ ਰੋਣਕ ਵੇਖ ਮੇਰਾ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਿਆ ਹੈ ਅਤੇ ਫਿਜ਼ਾ ਵਿਚ ਹਲਕਾ ਜਿਹਾ ਚਾਨਣ ਵੀ ਫੈਲ ਗਿਆ ਹੈ l

ਹਾਈਵੇ ‘ਤੇ ਹੋਰ ਗੱਡੀਆਂ ਟਰੱਕਾਂ ਦੇ ਨਾਲ ਨਾਲ ਸਾਡੇ ਮੂਹਰੇ ਇੱਕ ਬਿਲਕੁਲ ਨਵੀਂ ਨਕੋਰ ਗੱਡੀ ਜਾ ਰਹੀ ਹੈl ਨਾ ਚਾਹੁੰਦੇ ਹੋਏ ਵੀ ਮੇਰੀ ਨਿਗਾਹ ਮੁੜ ਭੌਂ ਕੇ ਉਸੇ ਹੀ ਗੱਡੀ ‘ਤੇ ਜਾ ਟਿਕੀ  ਹੈ ….. ਨੰਬਰਪਲੇਟ ਉੱਤੇ ਲਿਖਿਆ ਹੈ “ਵਿਹਲੀ ਜੱਟੀ” ਲਉ ਕਰ ਲਵੋ ਗੱਲ ! ਮਾਂ ਟਰੀਸਾ ਨੇ ਤਾਂ ਦੋ ਧੋਤੀਆਂ, ਕੈਨਵਸ ਦੇ ਬੂਟ ਅਤੇ ਇੱਕ ਬਾਲਟੀ ਨਾਲ ਸਾਰੀ ਉਮਰ ਕੱਟ ਛੱਡੀ, ਪਰ ਇਥੇ ਕਨੇਡਾ ਵਿਚ ਪੰਜਾਬੀ ਗੱਡੀਆਂ ਦੀਆਂ ਨੰਬਰ ਪਲੇਟਾਂ ਦੀਆਂ ਬੋਲੀਆਂ ਲਾ ਕੇ ਨਹੀਂ ਰੱਜੇ। ਸੋਚਦੀ ਹਾਂ, ਪੰਜਾਬ ਦੇ ਸਾਰੇ ਫੁਕਰੇ ਟਰਾਂਟੋ ਹੀ ਆ ਵੱਸੇ ਨੇl ਗੋਡੇ ਗੋਡੇ ਚਾਅ ਚੜ੍ਹਿਆ ਹੋਇਆ ਹੈ ….. ਆਪਣੇ  ਪਿੰਡ ਦੇ ਖੂਹ, ਬੋਹੜ ਅਤੇ ਕੱਚੀਆਂ ਵਾਟਾਂ ਤੋਂ ਬਾਦ ਅਗਲੀ ਨੇ ਸਿੱਧਾ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡਾ ਹੀ ਦੇਖਿਆ ਹੈl ਆਪਣੇ ਪਿੰਡ ‘ਚ ਤਾਂ ਸ਼ਾਇਦ ਕਿਸੇ ਪੀਰ ਸਾਈਂ ਦੀ ਦਰਗਾਹ ਉੱਤੇ ਦੀਵਾ ਬਾਲਣ ਦਾ ਵੀ ਮੌਕਾ ਨਾ ਮਿਲਿਆ ਹੋਵੇ, ਤੀਆਂ ਦੇ ਮੇਲੇ ਤੋਂ ਬਿਨਾ ਸੁਪਨੇ ਵਿਚ ਵੀ ਸ਼ਾਇਦ ਹੀ ਕੁਝ ਤੱਕਿਆ ਹੋਵੇ ਕਦੀਂ ਪਰ ਏਸ ਮਾਂ ਜਾਈ ਨੂੰ ਜਿਵੇਂ ਕਨੇਡਾ ਹੀ ਰਾਸ ਆਇਆ ਹੈ l ਮੀਟ ਫੈਕਟਰੀ ‘ਚ ਓਵਰਟਾਈਮ ਲਾ ਲਾ ਕੇ ਭਾਵੇਂ ਲੱਕ ਦੂਹਰਾ ਹੋ ਗਿਆ ਹੋਵੇ …. ਪਰ ਕਹਿਣ ਨੂੰ “ਵਿਹਲੀ ਜੱਟੀ” …….ਖੈਰ ਮੈਨੂੰ ਕੀ, ਚਾਹੇ ਕੋਈ ਹੋਵੇ “ਵਿਹਲੀ ਜੱਟੀ” ਜਾਂ “ਹੱਡ ਹਰਾਮ”, ਨਾਲੇ ਮੈਂ ਕਿਹੜਾ ਮਹੀਨੇ ਬੱਧੀ ਇਸਦੀ ਗੱਡੀ ਦੀ ਕਿਸ਼ਤ ਭਰਨੀ ਹੈ। ਬੰਦਾ ਪੁੱਛੇ ਮੈਨੂੰ ਕੀ! ਮੈਂ ਆਪਣੀ ਗੱਡੀ ਦੇ ਤੇਲ ਪਾਣੀ ਦਾ ਖਰਚਾ ਪੂਰਾ ਕਰ ਲਵਾਂ, ਬਸ ਉਸੇ ਵਿਚ ਹੀ ਮੇਰੀ ਚਾਂਦੀ ਹੈl ਰਹੀ ਗੱਲ ਆਪਣੇ ਚਾਵਾਂ ਦੀ.. ਉਹ ਤਾਂ ਅਸੀਂ ਕਦੀ ਪਾਲੇ ਹੀ ਨਹੀਂ, ਫੇਰ ਪੂਰੇ ਕਿਸ ਮਾਂ ਜਾਏ ਨੇ ਕਰਨੇ ਸੀl   ਉਹ ਜੁੜਿਆ ਹੀ ਨਹੀਂ ਜੋ  ਇੰਨੇ ਜੋਗਾ ਹੋਵੇ । ਖੈਰ ਬਹੁਤਾ ਹਿਰਖ ਵੀ ਨਹੀਂ ਕਰਨਾ ਚਾਹੀਦਾ ਮੈਨੂੰ। ਰਹੀ ਗੱਲ ਸਾਡੀ ਨੰਬਰ ਪਲੇਟ ਦੀ ਤਾਂ ਅਸੀਂ ਤਾਂ ਦੋਵੇਂ ਹੱਥ ਬੰਨ੍ਹ ਕੇ ਉਹੀ ਕਬੂਲ ਕਰ ਲਈ ਜਿਹੜੀ ਸਰਕਾਰੀ ਨੁਮਾਇੰਦੇ ਨੇ ਸਾਡੀ ਝੋਲੀ ਪਾਈ l ਕੀ ਇੰਨਾਂ ਹੀ ਬਥੇਰਾ ਨਹੀਂ ਕਿ ਉਸ ਦਾਤੇ ਦੀ ਕਿਰਪਾ ਨਾਲ ਗਰੋਸਰੀ ਬੱਸਾਂ ‘ਚ ਨਹੀਂ ਢੋਣੀ ਪੈਂਦੀ l ਮੇਰਾ ਦਿਮਾਗ ਲੋੜ ਤੋਂ ਵਧੇਰੇ ਦੌੜਿਆl

ਵਿਹਲੀ ਜੱਟੀ ਦੀ ਨਵੀਂ ਨਕੋਰ ਗੱਡੀ ਮੇਰੀਆਂ ਅੱਖਾਂ ਤੋਂ ਉਹਲੇ ਹੋ ਗਈ ਹੈl ਨਿਆਗਰਾ ਫੌਲਜ਼ ਵੀਹਾਂ ਕੁ ਮਿੰਟਾਂ ਦੀ ਦੂਰੀ ਤੇ ਹੈl ਪੂਰਾ ਇੱਕ ਘੰਟਾ ਚਾਲੀ  ਮਿੰਟ ਦੀ ਡਰਾਈਵ ਸਾਡੇ ਘਰੋਂ। “ਮੌਮ, ਅਸੀਂ ਨਿਆਗਰਾ ਫੌਲਜ਼ ਅਮਰੀਕਾ ਵਾਲੇ ਪਾਸਿਓਂ ਦੇਖਣ ਚੱਲੀਏ?” ਇਕਦਮ, ਨਿੱਕੀ ਦੇ ਮਸੂਮ ਸਵਾਲ ਨੇ ਮੇਰੀਆਂ ਫਜ਼ੂਲ ਸੋਚਾਂ ਦੀ ਤੰਦ ਤੋੜੀ ……. “ਅਮਰੀਕਾ ਹੋਵੇ ਜਾਂ ਕਨੇਡਾ, ਕੁਦਰਤ ਦਾ ਨਜ਼ਾਰਾ ਤਾਂ ਦੋਵੇਂ ਪਾਸੇ ਇੱਕੋ ਜਿਹਾ ਹੈ ਬੇਟਾ”, ਮੈਂ ਸਮਝਾਉਣਾ ਚਾਹਿਆ। “ਪਰ ਸਾਰੇ ਇਹੀ ਕਹਿੰਦੇ ਨੇ ਕਿ ਨਿਆਗਰਾ ਫੌਲਜ਼ ਕਨੇਡਾ ਵਾਲੇ ਪਾਸਿਓਂ ਜ਼ਿਆਦਾ ਸੋਹਣਾ ਹੈ, ਮੇਰੇ ਫ੍ਰੈਂਡਜ਼ ਨੇ ਮੈਨੂੰ ਦੱਸਿਆ”, ਨਿੱਕੀ ਦਾ ਧਿਆਨ ਅਮਰੀਕਾ ਵਲੋਂ ਹਟਾਉਣ ਦੀ ਨਕਾਰੀ ਜਿਹੀ ਕੋਸ਼ਿਸ਼ ਕਰਦਿਆਂ ਮੈਂ  ਕਿਹਾ l

“ ਬੇਟਾ ਮੈਂ  ਘਰੋਂ ਪਾਸਪੋਰਟ ਲੈ ਕੇ ਨਹੀਂ ਤੁਰੀ”

“ਮੌਮ ਪਲੀਜ਼” ਨਿੱਕੀ ਨੇ ਖਿਝ ਕੇ ਕਿਹਾ l

“ਕੋਈ ਫਰਕ ਨਹੀਂ ਪੈਂਦਾ ਬੇਟਾ, ਤਿੰਨੋਂ ਫੌਲਜ਼ ਤਕਰੀਬਨ ਇੱਕੋ ਜਿਹੀਆਂ ਨੇ, ਤਿੰਨੋਂ ਆ ਕੇ ਨਿਆਗਰਾ ਗੌਰਜ ‘ਤੇ ਰਲ ਜਾਂਦੀਆਂ ਨੇ”, ਮੈਂ ਨਿੱਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ l

ਨੋ ਮੌਮ ਨੋ, ਤੁਸੀਂ ਗਲਤ ਕਹਿ ਰਹੇ ਹੋ, ਟ੍ਰਸਟ ਮੀ ਮਾਮਾ, ਦੇ ਆਰ ਆਲ ਡਿਫ਼ਰੇੰਟ, ਹੋਰਸਸ਼ੂ ਫੌਲਜ਼ ਦੀ ਤਾਂ ਵੈਸੇ ਵੀ ਸੌ ਸਾਲ ਤੋਂ ਪੁਰਾਨੀ ਡਿਸਪੀਊਟ ਚਲ ਰਹੀ ਹੈ, ਸਾਨੂੰ ਮਿਸ ਸ਼ੇਖ ਨੇ ਦੱਸਿਆ ਸੀ ਗ੍ਰੇਡ ਸਿਕਸ ਵਿਚ, ਐਂਡ ਦੀ ਵਿਊ ਇਜ਼ ਵੇਰੀ ਡਿਫ਼ਰੈਂਟ ਫ੍ਰੋਮ ਦੀ ਯੂ ਏਸ ਸਾਇਡ, ਮੇਰੇ ਸਾਰੇ ਦੋਸਤ ਦੱਸਦੇ ਨੇ ਮੈਨੂੰl ਤੁਹਾਨੂੰ ਕੁਝ ਨਹੀਂ ਪਤਾ”

 “ਬਹੁਤਾ ਨਾ ਬੋਲ ਨਿੱਕੀਏ”, ਮੈਂ  ਸ਼ਰਮਿੰਦੀ ਜਿਹੀ ਹੁੰਦਿਆਂ ਫਾਲਤੂ ਦਾ  ਰੋਅਬ ਝਾੜਿਆ l

ਮੈਂ ਨਹੀਂ ਜਾਣਾ ਮੌਮ ਕਨੇਡੀਅਨ ਨਿਆਗਰਾ ਫੌਲਜ਼ ਦੇਖਣ, ਮੈਂ ਪਹਿਲਾਂ ਬਫਲੋ ਵਾਲੇ ਹੀ ਦੇਖਣੇ ਨੇ ਬਾਦ ਵਿਚ ਕਨੇਡੀਅਨ”, ਮੇਰੀ ਧੀ ਮੇਰੇ ਤੋਂ ਵੀ ਵਧ ਜ਼ਿੱਦੀ l

“ਇਹ ਫਾਲਤੂ ਦੀ ਜ਼ਿੱਦ ਹੈ ਬੇਟਾ, ਐਵੇਂ ਨਿੱਕੇ ਜਿਹੇ ਜਵਾਕ ਵਾਂਗ ਅੜੀਆਂ ਨਾ ਕਰ, ਮੇਰੀ ਸਿਆਣੀ ਧੀ, ਤੈਨੂੰ ਪਤਾ ਹੈ ਕਿ ਫਿਲਹਾਲ ਅਸੀਂ ਕੋਈ ਬਾਰਡਰ ਨਹੀਂ ਲੰਘ ਸਕਦੇ, ਬੱਸ ਕੁਝ ਵਰ੍ਹਿਆਂ ਦੀ ਹੋਰ ਗੱਲ ਹੈ l ਫਿਰ ਤੈਨੂੰ ਕੋਈ ਨਹੀਂ ਰੋਕ ਸਕਦਾ, ਫੇਰ ਚਾਹੇ ਤੂੰ ਸਹੇਲੀਆਂ ਦੇ ਨਾਲ ਡਿਜ਼ਨੀਲੈਂਡ ਜਾਵੀਂ ਮੈਂ ਤੈਨੂੰ ਨਹੀਂ ਰੋਕਾਂਗੀ”, ਮੈਂ ਲਾਡ ਨਾਲ ਆਖਿਆ l
“ਮੌਮ, ਡਿਜ਼ਨੀਲੈਂਡ ਤਾਂ ਨਿੱਕੇ ਬੱਚੇ ਜਾਂਦੇ ਨੇ, ਕਪਲ ਔਫ ਯਿਅਰਜ਼ ‘ਚ ਤਾਂ ਮੈਂ ਹਾਈ ਸਕੂਲ ਚਲੇ ਜਾਣਾ ਹੈ, ਮੈਂ ਡਿਜ਼ਨੀਲੈਂਡ ਨਹੀਂ ਜਾਵਾਂਗੀ। .. ਨੇਵਰ”, ਨਿੱਕੀ ਗੁੱਸੇ ‘ਚ ਬੋਲੀ l

ਗੱਲ ਤਾਂ ਸਹੀ ਹੈ ਇਸਦੀ, “ਅਖੇ ਈਦ ਮਗਰੋਂ ਨਵਾਂ ਤੰਬਾ ਫੂਕਣਾ  ਹੈ? ਮੈਂ ਸੋਚਾਂ ਵਿਚ ਪੈ ਗਈ l

“ਮੇਰੇ ਸਾਰੇ ਫ੍ਰੈਂਡਜ਼ ਵੀਕਏਂਡਜ਼ ਤੇ ਬੋਰਡਰ ਕਰਾਸ ਕਰਕੇ ਪਿਕਨਿਕ ਕਰਨ ਜਾਂਦੇ ਨੇ, ਵਾਟਰ ਪਾਰਕਜ਼ ਜਾਂਦੇ ਨੇ ਅਤੇ ਅਮਰੀਕਾ ਆਪਣੀ ਸ਼ੋਪਿੰਗ ਕਰਨ ਜਾਂਦੇ ਨੇ, ਆਪਣੀ ਫੈਮਿਲੀ ਤੇ ਫ੍ਰੈਂਡਜ਼ ਨੂੰ ਮਿਲਣ ਜਾਂਦੇ ਨੇ, ਆਈ ਨੇਵਰ ਗੇੱਟ ਟੂ ਗੋ ਅਕ੍ਰੋਸ ਦੀ ਬੋਰਡਰ  ਮਾਮਾ”, ਨਿੱਕੀ ਆਪਣੀ ਅੰਗਰੇਜ਼ੀ ਅਤੇ ਟੁੱਟੀ ਫੁੱਟੀ ਪੰਜਾਬੀ ਵਿਚ ਤਰਲਾ ਜਿਹਾ ਕਰਦੀ ਹੈ lਸੁੱਖ ਨਾਲ ਕਿਉਂ ਨਾ ਬੋਲੇ ਪੰਜਾਬੀ ਮੇਰੀ ਨਿੱਕੀ, ਜੱਟ ਐਂਡ ਜੁਲਿਏਟ ਸਤਾਸੀ ਵਾਰ ਦੇਖੀ ਹੈ ਮਾਂ ਧੀ ਦੀ ਜੋੜੀ ਨੇ l ਮੈਂ ਦਲਜੀਤ ਦੋਸਾਂਝ ਨੂੰ ਅਸੀਸਾਂ ਦਿੰਦੀ ਨਹੀਂ ਥੱਕਦੀ, ਮੇਰੀ ਧੀ ਪੰਜਾਬੀ ਬੋਲਣ ਲਾ ਦਿੱਤੀ ਜੀਉਣ ਜੋਗੇ ਨੇ!

“ਨਾ ਬਾਰਡਰ ਪਾਰ ਕੋਈ ਖਾਸ ਸ਼ੋਪਿੰਗ ਹੁੰਦੀ ਹੈ? ਸਾਰਾ ਮਾਲ ਹੀ ਚਾਈਨਾ ਦਾ ਹੈ… ਸ਼ਰਤ ਲਾ ਲੈ, ਚਾਹੇ ਅੰਮ੍ਰਿਤਸਰ ਦੇ ਹਾਲ ਬਜਾਰੋਂ ਲੈ ਆ ਤੇ ਚਾਹੇ ਅਮਰੀਕਾ ਕਨੇਡਾ ਦੇ ਕਿਸੇ ਸ਼ੋਪਿੰਗ ਸਟੋਰ ਚੋਂ , ਜਾਂ ਵੇਬ ਸ਼ੌਪ ਕਰ ਲੈ…ਵਾਟ ਲਾ ਛੱਡੀ ਹੈ ਚੀਨਿਆਂ ਨੇ ਪੂਰੇ ਗਲੋਬ ਦੀ ਨਿੱਕੀਏ”, ਮੈਂ ਉਸਨੂੰ ਹਸਾਉਣਾ ਚਾਹਿਆ। ਅਖੇ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜ, ਜਿਵੇਂ ਤੇਰੀ ਮਨਪ੍ਰੀਤ ਮਾਸੀ ਆਖਦੀ ਹੈ, ਰਹੀ ਗੱਲ ਰਿਸ਼ਤੇਦਾਰਾਂ ਨੂੰ ਮਿਲਣ ਦੀ ਤਾਂ ਨਿੱਕਾ ਮਾਮਾ ਆਇਆ ਤਾਂ ਸੀ ਤੈਨੂੰ ਮਿਲਣ ਦੋ ਸਾਲ ਪਹਿਲਾਂ , ਗਰਮੀਆਂ ਦੀਆਂ ਛੁੱਟੀਆਂ ‘ਚ”  ਮੈਂ ਸੰਜੀਦਾ ਜਿਹਾ ਹੋ ਕੇ ਕਿਹਾ l

“ਯੇਸ, ਹੀ ਡਿੱਡ, ਪਰ ਮੈਂ ਤਾਂ ਨਹੀਂ ਜਾ ਸਕਦੀ ਇੰਡੀਆ, ਆਈ ਹੇਵ ਨੌਟ ਬਿਨ ਟੂ ਇੰਡੀਆ ਇਨ ਟੇਨ ਯੀਏਰਜ਼”, ਨਿੱਕੀ ਤੜਫੀ

“ਮੋਮ ਤੁਸੀਂ ਮੈਨੂੰ ਬਹੁਤਾ ਹੀ ਲਾਇਟਲੀ ਲੈਂਦੇ ਹੋ ਕਈ ਵਾਰ… ਹਰ ਗੱਲ ‘ਚ ਮਜ਼ਾਕ, ਆਈ ਡੂ ਨੌਟ ਲਾਇਕ ਦੈਟ ਮਾਮਾ….. ਮੈਂ ਆਪਣੇ ਦਿਲ ਨੂੰ ਸਮਝਾ ਲਿਆ ਹੈ। ਬਾਰਾਂ ਵਰ੍ਹਿਆਂ ਦੇ ਕਿਸੇ ਹੋਰ ਬੱਚੇ ਨੂੰ ਪੁੱਛ ਕੇ ਦੇਖੋ ਕਿ ਲੀਗਲ ਹੁੰਦੇ ਹੋਏ ਵੀ ਬਾਰਡਰੋਂ ਪਾਰ ਜਾਣ ਦੀ ਮਨਾਹੀ ਦੀ ਘੁੱਟਣ ਕਿਸ ਤਰਾਂ ਦੀ ਹੁੰਦੀ ਹੈ l

“ਵੱਟ ਡੂ ਯੂ ਨੋ? ਡੂ ਨੌਟ ਕੰਸੀਡਰ ਯੂਰਸੈਲਫ ਦਾ ਸਮਾਰਟੇਸਟ ਵਨ ਓਫ ਆਲ ਮਾਮਾ, ਮੇਰਾ ਕੀ ਕਸੂਰ ਹੈ…ਮੈਂ ਤਾਂ ਆਪਣੇ ਹੀ ਮੁਲਕ ‘ਚ ਕੈਦ ਹਾਂ ….. ਵੱਟ ਡਿੱਡ ਆਈ ਡੂ ਰੌਂਗ”?

ਹੁਣ ਨਿੱਕੀ ਨਹੀਂ ਬੋਲੀ, ਮੇਰਾ ਫਤਿਹ ਸਿੰਘ ਬੋਲ ਰਿਹਾ ਸੀ l ਜਦ ਕਦੀਂ ਵੀ ਨਿੱਕੀ ਕਿਸੇ ਗੱਲੋਂ ਪਰੇਸ਼ਾਨ ਹੋਕੇ ਮੇਰੇ ਨਾਲ ਇੱਕ ਸਹੇਲੀ ਵਾਂਗ ਦੋ ਟੁੱਕ ਸਵਾਲ ਜਵਾਬ ਕਰਨ ਲਈ ਮੋਰਚਾ ਗੱਡ ਲੈਂਦੀ ਹੈ ਕੇ ਤਾਂ ਮੈਂ ਉਸਨੂੰ ਫਤਿਹ ਸਿੰਘ ਕਹਿ ਕੇ ਬੁਲਾਉਂਦੀ ਹਾਂ। ਜਿਥੇ ਮੈਂ ਆਪਣੇ ਬੱਚੇ ਉੱਤੇ ਉਸਦੀ ਮਾਂ ਹੋਣ ਦੀ, ਜਾਂ ਉਮਰ ਦੇ ਤਜਰਬਿਆਂ ਦੀ ਫੋਕੀ ਫਹਿਰਿਸਤ ਦੀ ਧੌਂਸ ਜੰਮਾ ਲੈਂਦੀ ਹਾਂ ਤਾਂ ਮੈਂ ਉਸਦੀ ਗੱਲ ਸੁਣਨ ਦਾ ਜਿਗਰਾ ਵੀ ਰਖਦੀ ਹਾਂ , ਉਸਦੀ ਮਾਂ ਹਾਂ, ਕੋਈ ਨਾਜ਼ੀ ਲੀਡਰ ਨਹੀਂ। ਵੈਸੇ ਨਿੱਕੀ ਉਮਰ ਵਿਚ ਭਾਵੇਂ ਛੋਟੀ  ਜਿਹੀ ਹੈ ਪਰ ਗਲਤ ਨਹੀਂ ਹੁੰਦੀ। ਮੇਰੇ ਨਾਲ ਰੋਜ਼ ਮੇਰਾ ਬੱਚਾ ਵੀ ਅੱਗ ‘ਚ ਸੜਦਾ ਹੈ, ਖਰਾ ਤਾਂ ਉੱਤਰ ਕੇ ਹੀ ਰਹੇਗਾ l ਰਹੀ ਗੱਲ ਸਮਾਜ ਦੀ ਤਾਂ ਖਸਮਾਂ ਨੂੰ ਖਾਵੇ, ਮੈਂ ਕਿਹੜਾ ਛੱਬੀ ਜਨਵਰੀ ਦੀ ਪਰੇਡ ਵੇਲੇ ਕੋਈ ਤਗਮਾ ਜਾਂ ਸਲਾਮੀ ਭਾਲਦੀ ਹਾਂ।

“ਜਿਸਨੂੰ ਤੂੰ ਕੈਦ ਸਮਝਦੀ ਹੈਂ ਨਾ ਨਿੱਕੀਏ, ਕਨੇਡੀਅਨ ਕਨੂੰਨ ਉਸਨੂੰ ਕੈਦ ਨਹੀਂ ਮੰਨਦਾ। ਇਹ ਤਾਂ ਬੇਟਾ ਇਥੋਂ ਦਾ ਸਿਸਟਮ ਹੈ, ਤੇਰੇ ਪਿਉ ਦੇ ਕੁਝ ਬਚੇ-ਖੁਚੇ ਹੱਕਾਂ ਨੂੰ ਕਾਇਮ ਰਖਣ ਵਾਸਤੇ। ਕਨੇਡਾ ਇੱਕ ਸਹਿਣਸ਼ੀਲ ਮੁਲਕ ਹੈ, ਬੇਸ਼ਕ ਤੇਰੇ ਪਿਉ ਨੂੰ ਤੇਰੀ ਸ਼ਕਲ ਵੀ ਚੇਤੇ ਨਹੀਂ ਪਰ ਇਥੋਂ ਦੀ ਸਰਕਾਰ ਨੇ ਉਸ ਨਾਲ ਫਾਲਤੂ ਧੱਕਾ ਨਹੀਂ ਕਰਨਾ। ਸੱਚ ਤਾਂ ਇਹੀ ਹੈ ਕਿ ਅਜੇ ਤਿੰਨ ਚਾਰ ਵਰ੍ਹੇ ਤੂੰ ਬਾਰਡਰ ਨਹੀਂ ਟੱਪ ਸਕਦੀ, ਚੁੱਪ ਕਰਕੇ ਬੈਠੀ ਰਹਿ ਬੀਬਾ” ਮੈਂ ਅੱਜ  ਇੱਕ ਵਾਰ ਫੇਰ ਇਹ ਕੌੜਾ ਸੱਚ ਆਪਣੀ ਮਸੂਮ ਜਿਹੀ ਬੱਚੀ  ਨੂੰ ਚੇਤੇ ਕਰਵਾ ਦਿੱਤਾ … ਨਿਗਾਹ ਫੇਰਦਿਆਂ ਮੈਂ ਕਿਹਾ  “ਚਾਹੇ ਤੇਰੇ ਗਿੱਟੇ ਲੱਗੇ ਤੇ ਚਾਹੇ ਲੱਗੇ ਗੋਡੇ, ਆਹ ਬਾਕੀ ਦਾ ਬਚਿਆ ਸਮਾਂ ਵੀ ਔਖੇ ਸੌਖੇ ਕੱਢਣਾ ਪੈਣਾ ਹੈ”

“ਠੀਕ ਹੈ ਮੌਮ ਜੇ ਕਨੇਡੀਅਨ ਕਨੂੰਨ ਮੇਰੀ ਇਸ ਕੈਦ ਨੂੰ ਕੈਦ ਨਹੀਂ ਮੰਨਦਾ ਤਾਂ ਫਿਰ ਮੈਂ ਵੀ ਆਪਣੇ ਡੈਡ ਨੂੰ ਡੈਡ ਨਹੀਂ ਸਮਝਦੀ ਐਂਡ ਗੋਇੰਗ ਫੋਰਵਰਡ, ਆਈ ਵੁਡ ਗੇੱਟ ਰਿਡ ਔਫ ਹਿਜ਼ ਲਾਸਟ ਨੇਮ, ਦੀ ਡੇਅ ਆਈ ਏਮ ਨਾਈਨਟੀਨ”, ਨਿੱਕੀ ਨੇ ਇੱਕੋ ਸਾਹੇ ਆਪਣੇ ਸਾਰੇ ਕਰਜ਼ੇ ਲਾਹ ਛੱਡੇ।

ਮੈਨੂੰ ਕੋਈ ਜਵਾਬ ਨਾ ਔੜਿਆ … ਬੱਸ ਸੋਚਦੀ ਰਹਿ ਗਈ ਮੈਂ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਗੂਗਲ ਬਾਬੇ  ਮੂਹਰੇ ਮੱਥਾ ਟੇਕ ਟੇਕ ਨਿੱਕੀ ਨੇ ਕਿੰਨੀ ਜਾਣਕਾਰੀ ਹਾਸਿਲ ਕਰ ਲਈ  ਹੈ…… ਮੈਂ ਤਾਂ ਸੋਚਦੀ ਸੀ ਕਿ ਸੂਬਾ ਬੀ.ਸੀ ਵਿਚ ਨਾਮ ਬਦਲਣ ਦੀ ਅਰਜ਼ੀ ਭਰਨ ਲਈ ਕਨੂੰਨੀ ਉਮਰ ਅਠਾਰ੍ਹਾਂ ਸਾਲ ਹੈ l ਠੀਕ ਕਹਿੰਦੀ ਹੈ ਨਿੱਕੀ ਕਿ ਮੈਂ ਇੰਨੀ ਸਿਆਣੀ ਨਹੀਂ ਜਿੰਨੀ ਲੱਗਦੀ ਹਾਂl  ਛੇ ਜਮਾਤਾਂ ਪਾਸ ਮੇਰੀ ਨਿੱਕੀ ਜ਼ਿੰਦਗੀ ਦੇ ਕੌੜੇ ਸੱਚ ਨੂੰ ਠੋਕ ਵਜਾ ਕੇ ਕਹਿਣ ਜੋਗੀ ਹੋ ਗਈ ਹੈ, ਜਦੋਂ ਬਾਰ੍ਹਵੀਂ ਪਾਸ ਕਰ ਲਵੇਗੀ ਤਾਂ ਮੈਂ ਕਿਹੜੀ ਮਾਂ ਨੂੰ ਮਾਸੀ ਆਖਾਂਗੀ l

“ਐਂਵੇਂ ਜਿਆਦਾ ਵੀ ਨਾ ਔਖਾ ਹੋ ਹੁਣ ਫ਼ਤੇਹ ਸਿੰਘਾ, ਮੈਂ ਤਾਂ ਨੌਵੀ ਜਮਾਤ ਤੱਕ ਕਦੀਂ ਮਾਝਾ ਨਹੀਂ ਸੀ ਟੱਪਿਆ, ਤੂੰ ਤਾਂ ਬਾਰਾਂ ਸਾਲਾਂ ਦੀ ਨੇ ਅੱਧਿਓਂ ਵੱਧ ਕਨੇਡਾ ਗਾਹ ਛੱਡਿਆ ਹੈ “, ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਮੈਂ ਗੱਲ ਹਾਸੇ ‘ਚ ਟਾਲਣੀ ਚਾਹੀl

“ਮੋਮ ਪਲੀਜ਼, ਨੌਟ ਰਾਇਟ ਨਾਉ…ਯੂ ਡੂ ਨੌਟ ਸਾਉੰਡ ਸੋ ਫਨੀ,”

ਮੈਂ ਤਾਂ ਧਰਮ ਨਾਲ ਇੰਡੀਆ ਵਿਚ ਰਹਿ ਕੇ ਵੀ ਜ਼ਿੰਦਗੀ ਦੇ ਪਹਿਲੇ ਦੋ ਦਹਾਕੇ ਬੰਬਈ ਨਹੀਂ ਸੀ ਵੇਖਿਆ,  ਫੇਰ  ਕਿਹੜਾ ਮੈਨੂੰ ਉਡੀਕਦਿਆਂ ਹਿੰਦ ਮਹਾਸਾਗਰਾਂ ਦੇ ਨੀਰ  ਸੁੱਕ ਗਏ ਸਨ l  ਹੁਣ ਜੇ ਪਿਛਲੇ ਵੀਹਾਂ ਸਾਲਾਂ ਵਿਚ ਕਨੇਡਾ ਰਹਿ ਕੇ ਵੀ ਮੈਂ ਨਿਆਗਰਾ ਫੌਲਜ਼ ਨਾ ਜਾ ਸਕੀ ਤਾਂ ਵੀ ਕਿਹੜਾ ਆਫਤ ਆ ਜਾਣੀ ਹੈ। ਉਥੇ ਆਪਣੇ ਪੰਜਾਬੀ ਭਾਈਆਂ ਨੇ ਅੰਬ ਦੇ ਆਚਾਰ ਦੀਆਂ ਵੱਡੀਆਂ ਵੱਡੀਆਂ ਫਾੜੀਆਂ ਨਾਲ ਆਲੂ ਦੇ ਪਰੌਂਠੇ ਲਿਜਾਉਣ ਤੋਂ ਬਾਜ਼ ਤਾਂ ਨਹੀਂ ਆਉਣਾ …ਅਖੇ ਪਿਕਕਿਨ ਆ ਜੀ ਸਾਡੀ , ਸਾਨੂੰ ਤਾਂ ਬਾਹਰ ਦਾ ਫੂਡ ਹਜਮ ਹੀ ਨਹੀਂ ਹੁੰਦਾ ….  ਧੇਲਾ ਖਰਚਣਾ ਨਹੀਂ, ਗੱਲਾਂ ਕਰਵਾ  ਲਵੋ ਵੰਨ ਸੁਵੰਨੀਆਂ। ਸੱਤ ਦਿਨ ਹਫਤੇ ਦੇ ਤੇ ਚੌਦਾਂ ਡੰਗ ਮੂੰਗੀ ਮਸਰੀ ਦਾਲ, ਉਹ ਵੀ ਬਗੈਰ ਤੜਕਿਓਂ …

ਭੋਲੀ-ਭਾਲੀ ਨਿੱਕੀ ਆਪਣੇ ਮਨ ਦਾ ਗੁਬਾਰ ਕੱਢ ਕੇ ਫਿਰ ਆਪਣਾ ਸੰਗੀਤ ਸੁਣਨ ‘ਚ ਮਸਤ ਹੋ ਗਈ ਹੈl ਮੇਰੀਆਂ ਨਜ਼ਰਾਂ ਉਸ ਹਵਾਈ ਜਹਾਜ਼ ਉੱਤੇ ਜਾ ਟਿੱਕੀਆਂ ਨੇ ਜਿਸਨੇ ਹੁਣੇ ਹੁਣੇ ਪੀਅਰਸਨ ਹਵਾਈ ਅੱਡੇ ਤੋਂ ਉਡਾਰੀ ਭਰੀ ਹੈ ਤੇ ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਜੋ ਬਾਰਡਰ ਪਾਰ ਕਰ ਜਾਵੇਗਾ। ਮੈਂ ਦੇਖ ਕੇ ਵੀ ਅਣਡਿੱਠਾ ਕਰ ਦਿੱਤਾ ਹੈ.. ਸੋਚਦੀ ਹਾਂ ਕਿ ਮੈਂ ਬਸ ਆਪਣੇ ਗੱਲ ‘ਚ ਪਾਈ ਆਹ ਰੂਦਰਾਖਸ਼ ਦੀ ਮਾਲਾ ਜੋਗੀ ਹੀ ਰਹਿ ਗਈ ਹਾਂ। ਚਲੋ ਤਾਂ ਵੀ ਬਥੇਰੀਆਂ ਤੋਂ ਸੌਖੀ ਹਾਂ ਉਸ ਦਾਤੇ ਦੀ ਕਿਰਪਾ ਨਾਲ…………..ਅੱਧੀ ਰਾਤ ਨੂੰ ਕੋਈ ਟੁੱਟ ਪੈਣਾ ਚਾਰ ਛੇ ਗਲਾਸੀਆਂ  ਚਾੜ੍ਹ  ਕੇ  ਮੈਨੂੰ ਗਾਲ੍ਹਾਂ ਤਾਂ ਨਹੀਂ ਕੱਡਦਾ…… ਕਿਸੇ ਮਰਦ ਦੀ ਜਗੀਰ ਨਹੀਂ ਮੈਂ, ਬਸ ਇੱਕ  ਬੱਚੇ ਦੀ ਮਾਂ ਹਾਂ… ਸੁੱਖ ਦੀ ਨੀਂਦ ਸੌਂਦੀ ਹਾਂ ਆਪਣੀ ਪਿਆਰੀ ਜਿਹੀ ਬੱਚੀ  ਨਾਲ… ਦਿਲ ‘ਚ ਸੋਚ ਲਿਆ ਹੈ ਕਿ ਹੁਣ ਜਦ ਵੀ ਅਸੀਂ ਮਾਂ ਧੀ  ਨਿਆਗਰਾ ਫੌਲਜ਼ ਦੇਖਾਂ ਗਈਆਂ ਤਾਂ ਸਿਰਫ ਅਮਰੀਕਾ ਵਾਲੇ ਪਾਸਿਓਂ ਹੀ  ਵੇਖਾਂ ਗੀਆਂ। ਮੌਕਾ ਲੱਗਦਿਆਂ ਹੀ, ਮੈਂ ਗੱਡੀ ਘਰ ਵਲ ਮੋੜ ਲਈ ਹੈl

Share this:

  • Tweet
  • Share on Tumblr
  • Email

Related

Share

ਰੰਗਾਵਲੀ

Anoop K Babra

Leave A Reply


Leave a Reply Cancel reply

Your email address will not be published. Required fields are marked *

  • About Me

    Anoop Babra's Profile Picture
    Welcome to "Shabad Ambrosia". My name is Anoop Babra & I love to write. Check My Story...

  • Follow Me On

  • Categories

    • Featured (1)
    • ਬਲੌਗ (13)
      • ਸ਼ਬਦਾਂ ਦਾ ਪਰਾਗ (4)
      • ਰੰਗਾਵਲੀ (9)
  • Newsletter



  • Menu

    • ਮੁੱਖ
    • ਸੇਵਾਵਾਂ
    • ਬਲੌਗ
    • ਸਾਡੇ ਬਾਰੇ
    • ਸੰਪਰਕ ਕਰੋ
  • Categories

    • ਸ਼ਬਦਾਂ ਦਾ ਪਰਾਗ
    • ਰੰਗਾਵਲੀ

© Copyright ShabadAmbrosia.com

  • English
  • Punjabi
  • हिन्दी (Hindi)